Punjab: Girl arrested in murder case takes shocking step inside police station!
ਪੰਜਾਬ: ਕਤਲ ਮਾਮਲੇ ’ਚ ਗ੍ਰਿਫਤਾਰ ਕੀਤੀ ਕੁੜੀ ਨੇ ਥਾਣੇ ਅੰਦਰ ਚੁੱਕਿਆ ਖੌਫਨਾਕ ਕਦਮ !
ਤਰਨਤਾਰਨ (ਆਵਾਜ਼ਿ ਕੌਮ ਬਿਊਰੋ)-ਥਾਣਾ ਭਿੱਖੀਵਿੰਡ ਹਵਾਲਾਤ ‘ਚ ਬੰਦ 20 ਸਾਲਾ ਰਾਜਬੀਰ ਕੌਰ ਪੁੱਤਰੀ ਰੂਪ ਸਿੰਘ ਵਾਸੀ ਪਿੰਡ ਕਲਸੀਆਂ ਕਲਾਂ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 7 ਅਗਸਤ ਦੀ ਸ਼ਾਮ ਨੂੰ ਰਾਜਬੀਰ ਕੌਰ ਦੇ ਪਰਿਵਾਰਕ ਮੈਂਬਰਾਂ ‘ਤੇ ਗੁਆਂਢੀਆਂ ਘਰ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰਨ ਦਾ ਦੋਸ਼ ਹੈ। ਇਸ ਹਮਲੇ ਦੌਰਾਨ 70 ਸਾਲਾ ਬਜ਼ੁਰਗ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਥਾਣਾ ਭਿੱਖੀਵਿੰਡ ਪੁਲਸ ਨੇ ਰਾਜਬੀਰ ਕੌਰ ਸਮੇਤ 9 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ ਸ਼ਨੀਵਾਰ ਦੇਰ ਸ਼ਾਮ ਪੁਲਸ ਨੇ ਰਾਜਬੀਰ ਕੌਰ ਨੂੰ ਗ੍ਰਿਫਤਾਰ ਕਰਕੇ ਹਵਾਲਾਤ ‘ਚ ਬੰਦ ਕਰ ਦਿੱਤਾ ਸੀ। ਜਿੱਥੇ ਰਾਜਬੀਰ ਕੌਰ ਨੇ ਮਹਿਲਾ ਕਾਂਸਟੇਬਲ ਅਰਸ਼ਦੀਪ ਕੌਰ ਤੋਂ ਬਾਥਰੂਮ ਜਾਣ ਦੀ ਇਜਾਜ਼ਤ ਮੰਗੀ। ਬਾਥਰੂਮ ਦੀ ਕੁੰਡੀ ਅੰਦਰੋਂ ਲੱਗਣ ਤੋਂ ਬਾਅਦ ਜਦੋਂ ਕਾਫੀ ਦੇਰ ਤੱਕ ਉਹ ਬਾਹਰ ਨਾ ਆਈ ਤਾਂ ਪੁਲਸ ਨੇ ਦਰਵਾਜ਼ਾ ਤੋੜਿਆ ਕੇ ਦੇਖਿਆ ਕਿ ਰਾਜਬੀਰ ਕੌਰ ਨੇ ਆਪਣੇ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਪੁਲਸ ਵੱਲੋਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਸੁਰਸਿੰਘ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦਾ ਪੋਸਟਮਾਰਟਮ ਅੱਜ ਕਰਵਾਇਆ ਜਾਵੇਗਾ। ਇਸ ਦੌਰਾਨ ਮ੍ਰਿਤਕਾ ਰਾਜਬੀਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ‘ਤੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਸਾਨੂੰ ਲੱਗਦਾ ਹੈ ਪੁਲਸ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਕੁੜੀ ਬਾਥਰੂਮ ‘ਚ ਜਾ ਕੇ ਕਿਵੇਂ ਫਾਹਾ ਲੈ ਸਕਦੀ ਹੈ। ਪੁਲਸ ਨੇ ਅਜੇ ਤੱਕ ਸਾਨੂੰ ਰਾਜਬੀਰ ਦੀ ਲਾਸ਼ ਵੀ ਨਹੀਂ ਦਿਖਾਈ। ਜ਼ਿਲ੍ਹਾ ਸੈਸ਼ਨ ਜੱਜ ਦੇ ਨਿਰਦੇਸ਼ਾਂ ‘ਤੇ ਮਾਨਯੋਗ ਜੇਐਮਆਈਸੀ ਸਿਮਰਨਜੀਤ ਸਿੰਘ ਪੱਟੀ ਵੱਲੋਂ ਬਜ਼ੁਰਗ ਬਲਵਿੰਦਰ ਸਿੰਘ ਦੇ ਕਤਲ ਕਾਂਡ ਦੀ ਮੈਜਿਸਟਰੇਟ ਪੱਧਰ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ।

