Identification of bodies becomes a big challenge after Nepal floods, DNA test is being resorted to
ਨੇਪਾਲ ਹੜ੍ਹ ਤੋਂ ਬਾਅਦ ਲਾਸ਼ਾਂ ਦੀ ਪਛਾਣ ਬਣੀ ਵੱਡੀ ਚੁਣੌਤੀ, DNA ਟੈਸਟ ਦਾ ਲਿਆ ਜਾ ਰਿਹਾ ਸਹਾਰਾ
ਗੱਲਛੀ (ਨੇਪਾਲ) (ਆਵਾਜ਼ਿ ਕੌਮ ਬਿਊਰੋ)-ਨੇਪਾਲ ਵਿਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਮ੍ਰਿਤਕਾਂ ਦੀ ਪਛਾਣ ਕਰਨਾ ਇਕ ਗੰਭੀਰ ਚੁਣੌਤੀ ਬਣ ਗਿਆ ਹੈ। ਪੋਖਰਾ ਦੇ ਇਕ ਹਸਪਤਾਲ ਵਿਚ ਉਸ ਵੇਲੇ ਅਜੀਬ ਸਥਿਤੀ ਪੈਦਾ ਹੋ ਗਈ, ਜਦੋਂ ਤਿੰਨ ਵੱਖ-ਵੱਖ ਪਰਿਵਾਰਾਂ ਨੇ ਇਕ ਹੀ ਲਾਸ਼ ਉੱਤੇ ਆਪਣਾ ਦਾਅਵਾ ਠੋਕ ਦਿੱਤਾ। ਇਹ ਘਟਨਾ ਆਫ਼ਤ ਤੋਂ ਬਾਅਦ ਆਪਣੇ ਵਿੱਛੜਿਆਂ ਦੀ ਤਲਾਸ਼ ਕਰ ਰਹੇ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਬਿਆਨ ਕਰਦੀ ਹੈ। ‘ਨੇਪਾਲ ਨਿਊਜ਼’ ਦੀ ਰਿਪੋਰਟ ਅਨੁਸਾਰ, ਪੋਖਰਾ ਹੈਲਥ ਸਾਇੰਸਿਜ਼ ਅਕੈਡਮੀ ਵਿਚ ਰੱਖੀ ਲਾਸ਼ ਨੰ.1003 ਉੱਤੇ ਬਰਦੀਆ ਦੇ ਹਾਈਡਰੋਪਾਵਰ ਪ੍ਰਾਜੈਕਟ ਕਰਮਚਾਰੀ ਗੋਪਾਲ ਦਹਿਤ ਅਤੇ ਰੂਪਨਦੇਹੀ ਦੇ ਟੂਰਿਸਟ ਗਾਈਡ ਦਮੋਦਰ ਬਸਿਆਲ ਦੇ ਪਰਿਵਾਰਾਂ ਨੇ ਦਾਅਵਾ ਕੀਤਾ। ਇਸ ਤੋਂ ਇਲਾਵਾ ਇਕ ਤੀਜੇ ਪਰਿਵਾਰ ਨੇ ਵੀ ਸ਼ੁਰੂ ਵਿਚ ਇਸ ਲਾਸ਼ ਨੂੰ ਆਪਣੇ ਲਾਪਤਾ ਮੈਂਬਰ ਦੀ ਦੱਸਿਆ ਸੀ। ਪਛਾਣ ਨੂੰ ਲੈ ਕੇ ਵਧੇ ਵਿਵਾਦ ਤੋਂ ਬਾਅਦ ਹੁਣ ਪਰਿਵਾਰ ਡੀ. ਐੱਨ. ਏ. ਜਾਂਚ ਕਰਵਾਉਣ ਲਈ ਸਹਿਮਤ ਹੋਏ ਹਨ। ਨੇਪਾਲ ਵਿਚ 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਵਿਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕ ਹਾਲੇ ਵੀ ਲਾਪਤਾ ਹਨ। ਹੇਠਲੇ ਇਲਾਕਿਆਂ ਤੋਂ ਬਰਾਮਦ ਕੀਤੀਆਂ ਲਾਸ਼ਾਂ ਨੂੰ ਹਸਪਤਾਲਾਂ ਵਿਚ ਲਿਆਂਦਾ ਜਾ ਰਿਹਾ ਹੈ। ‘ਦਿ ਕਾਠਮੰਡੂ ਪੋਸਟ’ ਮੁਤਾਬਕ ਗੋਰਖਾ, ਤਨਹੂੰ, ਧਾਦਿੰਗ ਅਤੇ ਨਵਲਪਰਾਸੀ ਪੂਰਬੀ ਜ਼ਿਲਿਆਂ ਤੋਂ ਮਿਲੀਆਂ 102 ਲਾਸ਼ਾਂ ਨੂੰ ਪੋਖਰਾ ਲਿਆਂਦਾ ਗਿਆ ਹੈ। ਹੁਣ ਤੱਕ 16 ਲਾਸ਼ਾਂ ਦੀ ਪਛਾਣ ਕਰ ਕੇ ਵਾਰਸਾਂ ਹਵਾਲੇ ਕੀਤਾ ਜਾ ਚੁੱਕਾ ਹੈ, ਜਦਕਿ 87 ਦਾ ਪੋਸਟਮਾਰਟਮ ਕੀਤਾ ਗਿਆ ਹੈ। ਦਾਅਵਿਆਂ ਵਿਚ ਉਲਝਣ ਕਾਰਨ ਪੁਲਸ ਨੇ 5 ਪਰਿਵਾਰਾਂ ਦੇ ਡੀ. ਐੱਨ. ਏ. ਸੈਂਪਲ ਲਏ ਹਨ। ਹਸਪਤਾਲ ਪਹੁੰਚ ਰਹੇ ਰਿਸ਼ਤੇਦਾਰ ਅਣਪਛਾਤੀਆਂ ਲਾਸ਼ਾਂ ਦੀਆਂ ਤਸਵੀਰਾਂ ਵੇਖ ਕੇ ਚਿਹਰੇ ਦੀ ਬਣਾਵਟ, ਦੰਦ, ਕੰਨ, ਬੁੱਲ੍ਹ ਅਤੇ ਸਰੀਰਕ ਬਣਾਵਟ ਰਾਹੀਂ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗੋਪਾਲ ਦਹਿਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਾਸ਼ ਦੇ ਦੰਦ, ਮੱਥਾ ਅਤੇ ਛਾਤੀ ਗੋਪਾਲ ਨਾਲ ਮਿਲਦੇ ਹਨ, ਜਦਕਿ ਦਮੋਦਰ ਦੇ ਪਰਿਵਾਰ ਦਾ ਵੀ ਇਹੀ ਦਾਅਵਾ ਹੈ। ਇਕ ਹੋਰ ਮਾਮਲੇ ਵਿਚ, ਇਕ ਪਰਿਵਾਰ ਨੇ ਆਪਣੇ 5 ਸਾਲਾ ਬੱਚੇ ਦੀ ਲਾਸ਼ ਦੀ ਪਛਾਣ ਉਸ ਕੋਲੋਂ ਮਿਲੇ ਸਾਮਾਨ ਦੇ ਆਧਾਰ ’ਤੇ ਕੀਤੀ ਹੈ।

