India is not just a country of Hindus, it is a country of all Indians: Nitin Gadkari
ਭਾਰਤ ਸਿਰਫ ਹਿੰਦੂਆਂ ਦਾ ਨਹੀਂ, ਸਾਰੇ ਭਾਰਤੀਆਂ ਦਾ ਦੇਸ਼ : ਨਿਤਿਨ ਗਡਕਰੀ
New Delhi, (ਆਵਾਜ਼ਿ ਕੌਮ ਬਿਊਰੋ)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਜਪਾ ਕਿਸੇ ਭਾਈਚਾਰੇ ਦੇ ਖ਼ਿਲਾਫ਼ ਨਹੀਂ ਹੈ ਅਤੇ ਉਹ ਸਾਰੇ ਧਰਮਾਂ, ਜਾਤੀਆਂ ਅਤੇ ਵਰਗਾਂ ਨੂੰ ਨਾਲ ਲੈ ਕੇ ਕੰਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਨਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਵਿਚਾਰ ਅੱਜ ਵੀ ਓਨੇ ਹੀ ਪ੍ਰਸੰਗਿਕ ਹਨ ਅਤੇ ਭਾਜਪਾ ਨੂੰ ਉਨ੍ਹਾਂ ਹੀ ਆਦਰਸ਼ਾਂ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਨਾਗਪੁਰ ਵਿਚ ਆਯੋਜਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਲੈਕਚਰ ਸੀਰੀਜ਼ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਰਾਸ਼ਟਰੀ ਆਦਰਸ਼ਾਂ ਨਾਲ ਜੋੜ ਕੇ ਭਾਰਤ ਨੂੰ ‘ਵਿਸ਼ਵਗੁਰੂ’ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ ਹਿੰਦੂਆਂ ਦਾ ਸਗੋਂ ਸਾਰੇ ਭਾਰਤੀਆਂ ਦਾ ਦੇਸ਼ ਹੈ। ਗਡਕਰੀ ਨੇ ਦੋਸ਼ ਲਾਇਆ ਕਿ ਕਾਂਗਰਸ ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਤੁਸ਼ਟੀਕਰਨ ਦੀ ਨੀਤੀ ਅਪਣਾਈ ਅਤੇ ਜਨਸੰਘ ਬਾਰੇ ਗਲਤ ਧਾਰਨਾਵਾਂ ਫੈਲਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਵੰਡ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਭਾਰਤ ਤੇ ਪਾਕਿਸਤਾਨ ਦੋ ਦੇਸ਼ਾਂ ਦਾ ਗਠਨ ਹੋਇਆ। ਇਨ੍ਹਾਂ ਦੇ ਗਠਨ ਤੋਂ ਬਾਅਦ ਦਾ ਇਤਿਹਾਸ ਸਾਰੇ ਜਾਣਦੇ ਹਨ ਅਤੇ ਅੱਜ ਵੀ ਅਸੀਂ ਉਸ ਦੇ ਨਤੀਜੇ ਭੁਗਤ ਰਹੇ ਹਾਂ।’’ ਗਡਕਰੀ ਨੇ ਕਿਹਾ, ‘‘ਅੱਜ ਵੀ ਸਾਡੀ (ਭਾਜਪਾ) ਦੀ ਵਿਚਾਰਧਾਰਕ ਪਛਾਣ ਇਹੀ ਬਣੀ ਹੋਈ ਹੈ ਕਿ ਰਾਸ਼ਟਰ ਸਰਵਉੱਚ ਹੈ। ਰਾਸ਼ਟਰਵਾਦ ਸਾਡਾ ਸਮੂਹਿਕ ਵਿਸ਼ਵਾਸ, ਵਫ਼ਾਦਾਰੀ ਅਤੇ ਪ੍ਰੇਰਨਾ ਹੈ। ਰਾਸ਼ਟਰ ਪ੍ਰਤੀ ਸਮਰਪਣ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਸੀ ਪਰ ਕਾਂਗਰਸ ਅਤੇ ਪੰਡਿਤ ਨਹਿਰੂ ਦੀ ਨੀਤੀ ਤੁਸ਼ਟੀਕਰਨ ਦੀ ਸੀ।’’

