Indian officials should not be invited to Gurdwaras – Federation of Sikh Organisations UK
ਗੁਰਦੁਆਰਿਆਂ ’ਚ ਭਾਰਤੀ ਅਧਿਕਾਰੀਆਂ ਨੂੰ ਸੱਦਣ ਤੋਂ ਗੁਰੇਜ਼ ਕੀਤਾ ਜਾਵੇ – ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. *ਗਲਾਸਗੋ ’ਚ 26 ਸਤੰਬਰ ਨੂੰ ਹੋਣ ਵਾਲਾ ਭਾਰਤੀ ਕੌਂਸਲਰ ਕੈਂਪ ਰੱਦ ਕਰਨ ਦੀ ਮੰਗ
ਲੰਡਨ (ਸਰਬਜੀਤ ਸਿੰਘ ਬਨੂੜ)– ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਨੇ ਬਰਤਾਨੀਆ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਭਾਰਤੀ ਦੂਤਘਰਾਂ ਅਤੇ ਕੌਂਸਲਰ ਦਫ਼ਤਰਾਂ ਦੇ ਅਧਿਕਾਰੀਆਂ ਨੂੰ ਸਰਕਾਰੀ ਨੁਮਾਇੰਦਿਆਂ ਵਜੋਂ ਗੁਰਦੁਆਰਾ ਸਾਹਿਬਾਨ ਅੰਦਰ ਪ੍ਰੋਗਰਾਮ ਜਾਂ ਕੈਂਪ ਲਗਾਉਣ ਲਈ ਸੱਦਣ ਤੋਂ ਗੁਰੇਜ਼ ਕੀਤਾ ਜਾਵੇ। ਫੈਡਰੇਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 26 ਸਤੰਬਰ ਨੂੰ ਸੈਂਟਰਲ ਗੁਰਦੁਆਰਾ ਸਿੰਘ ਸਭਾ, ਗਲਾਸਗੋ ਵਿਖੇ ਭਾਰਤੀ ਕੌਂਸਲਰ ਅਧਿਕਾਰੀਆਂ ਵੱਲੋਂ OCI, ਵੀਜ਼ਾ ਅਤੇ ਹੋਰ ਕੌਂਸਲਰ ਸੇਵਾਵਾਂ ਸਬੰਧੀ ਕੈਂਪ ਲਗਾਇਆ ਜਾ ਰਿਹਾ ਹੈ। ਫੈਡਰੇਸ਼ਨ ਨੇ ਇਸ ਪ੍ਰੋਗਰਾਮ ’ਤੇ ਇਤਰਾਜ਼ ਜਤਾਉਂਦਿਆਂ ਪ੍ਰਬੰਧਕ ਕਮੇਟੀ ਨੂੰ ਇਸ ਨੂੰ ਗੁਰਦੁਆਰਾ ਸਾਹਿਬ ਦੀ ਥਾਂ ਕਿਸੇ ਹੋਰ ਸਥਾਨ ’ਤੇ ਕਰਵਾਉਣ ਜਾਂ ਰੱਦ ਕਰਨ ਦੀ ਅਪੀਲ ਕੀਤੀ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ, ਕਥਾ-ਕੀਰਤਨ ਸਰਵਣ ਕਰਨ ਅਤੇ ਲੰਗਰ ਛਕਣ ਲਈ ਹਰ ਵਿਅਕਤੀ ਦਾ ਸਵਾਗਤ ਹੈ, ਪਰ ਭਾਰਤ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਅਧਿਕਾਰਤ ਹੈਸੀਅਤ ਵਿੱਚ ਗੁਰਦੁਆਰਾ ਕੰਪਲੈਕਸ ਅੰਦਰ ਸਰਕਾਰੀ ਕੈਂਪ ਲਗਾਉਣਾ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਅਨੁਕੂਲ ਨਹੀਂ ਹੈ। ਫੈਡਰੇਸ਼ਨ ਨੇ ਭਾਰਤ ਸਰਕਾਰ ਉੱਤੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਪਿਛੋਕੜ ਵਿੱਚ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਗੁਰਦੁਆਰਿਆਂ ਅੰਦਰ ਅਧਿਕਾਰਤ ਪ੍ਰੋਗਰਾਮਾਂ ਲਈ ਥਾਂ ਦੇਣਾ ਚਿੰਤਾ ਦਾ ਵਿਸ਼ਾ ਹੈ। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਕਿਸੇ ਧਾਰਮਿਕ ਸਥਾਨ ਦੇ ਬਾਹਰ ਰੋਸ ਪ੍ਰਦਰਸ਼ਨ ਦੀ ਸਥਿਤੀ ਪੈਦਾ ਹੋਣਾ ਠੀਕ ਨਹੀਂ, ਇਸ ਲਈ ਪ੍ਰਬੰਧਕਾਂ ਨੂੰ ਅਜਿਹੇ ਫ਼ੈਸਲੇ ਕਰਦਿਆਂ ਸੰਗਤ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਫੈਡਰੇਸ਼ਨ ਅਨੁਸਾਰ ਗੁਰਦੁਆਰੇ ਸੰਗਤ ਦੇ ਦਸਵੰਧ ਅਤੇ ਸਹਿਯੋਗ ਨਾਲ ਚੱਲਦੇ ਹਨ, ਇਸ ਲਈ ਉਨ੍ਹਾਂ ਨਾਲ ਸਬੰਧਤ ਫ਼ੈਸਲਿਆਂ ਵਿੱਚ ਸੰਗਤ ਦੀ ਰਾਏ ਨੂੰ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਨੇ ਇਸ ਮਾਮਲੇ ਨੂੰ ਸਕਾਟਲੈਂਡ ਨਾਲ ਸਬੰਧਤ ਬ੍ਰਿਟਿਸ਼ ਸਿੱਖ ਜਗਤਾਰ ਸਿੰਘ ਜੱਗੀ ਜੌਹਲ ਦੇ ਮਾਮਲੇ ਨਾਲ ਵੀ ਜੋੜਿਆ। ਜੌਹਲ ਨੂੰ ਨਵੰਬਰ 2017 ਵਿੱਚ ਭਾਰਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਲੰਮੇ ਸਮੇਂ ਤੋਂ ਭਾਰਤੀ ਹਿਰਾਸਤ ਵਿੱਚ ਹੈ। ਜ਼ਿਕਰਯੋਗ ਹੈ ਕਿ 18 ਸਤੰਬਰ 2026 ਨੂੰ ਦਿੱਲੀ ਹਾਈ ਕੋਰਟ ਨੇ ਉਸ ਨੂੰ ਸੱਤ NIA ਕੇਸਾਂ ਵਿੱਚ ਜ਼ਮਾਨਤ ਦੇ ਦਿੱਤੀ ਸੀ। ਉਸ ਦੇ ਪਰਿਵਾਰ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਲੰਮੇ ਸਮੇਂ ਤੋਂ ਉਸ ਦੀ ਵਾਪਸੀ ਲਈ ਮੁਹਿੰਮ ਚਲਾਈ ਜਾਂਦੀ ਰਹੀ ਹੈ। ਫੈਡਰੇਸ਼ਨ ਨੇ ਦਾਅਵਾ ਕੀਤਾ ਕਿ ਗਲਾਸਗੋ ਦੀਆਂ ਕਈ ਸਿੱਖ ਸੰਗਤਾਂ ਵੱਲੋਂ ਵੀ ਗੁਰਦੁਆਰਾ ਪ੍ਰਬੰਧਕਾਂ ਨੂੰ ਕੌਂਸਲਰ ਕੈਂਪ ਕਿਸੇ ਹੋਰ ਥਾਂ ਤਬਦੀਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਫੈਡਰੇਸ਼ਨ ਨੇ ਇਸ ਨੂੰ ਸਿੱਖ ਮਸਲਿਆਂ ਪ੍ਰਤੀ ਸੰਗਤ ਦੀ ਚੇਤਨਤਾ ਦਾ ਪ੍ਰਗਟਾਵਾ ਦੱਸਿਆ ਹੈ।

