Indian pilot Sumit Machhar to receive ‘Civilian Bravery Award’; Israeli President makes the announcement
ਭਾਰਤੀ ਪਾਇਲਟ ਸਮਿਤ ਮੱਛਾਰ ਨੂੰ ਮਿਲੇਗਾ ‘ਨਾਗਰਿਕ ਵੀਰਤਾ ਪੁਰਸਕਾਰ’, ਇਜ਼ਰਾਈਲੀ ਰਾਸ਼ਟਰਪਤੀ ਦਾ ਐਲਾਨ
ਯਰੂਸ਼ਲਮ (ਆਵਾਜ਼ਿ ਕੌਮ ਬਿਊਰੋ)- ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ ਨੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਨੂੰ ‘ਪ੍ਰੈਜ਼ੀਡੈਂਸ਼ੀਅਲ ਐਵਾਰਡ ਫਾਰ ਸਿਵਿਲੀਅਨ ਹੀਰੋਇਜ਼ਮ’ (ਨਾਗਰਿਕ ਵੀਰਤਾ ਪੁਰਸਕਾਰ) ਨਾਲ ਸਨਮਾਨਿਤ ਕਰਨ ਲਈ ਇਜ਼ਰਾਈਲ ਆਉਣ ਦਾ ਸੱਦਾ ਦਿੱਤਾ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਭਾਰਤੀ ਨਾਗਰਿਕ ਕੈਪਟਨ ਮੱਛਾਰ ਨੇ 30 ਸਤੰਬਰ ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੀ ‘ਫਲਾਈਦੁਬਈ’ ਦੀ ਉਡਾਣ ਦੌਰਾਨ ਆਪਣੇ ਸਹਿ-ਪਾਇਲਟ ਵੱਲੋਂ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਇਸ ਬਹਾਦਰੀ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਹਵਾ ਵਿੱਚ ਵਾਪਰੀ ਇਸ ਖ਼ਤਰਨਾਕ ਘਟਨਾ ਸਮੇਂ ਜਹਾਜ਼ ਵਿੱਚ 174 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ। ਕੈਪਟਨ ਮੱਛਾਰ ਦੀ ਬਹਾਦਰੀ ਨਾਲ ਵੱਡੀ ਤਬਾਹੀ ਟਲ ਗਈ ਅਤੇ ਜਹਾਜ਼ ਦਾ ਰਸਤਾ ਬਦਲ ਕੇ ਉਸ ਨੂੰ ਸਾਊਦੀ ਅਰਬ ਦੇ ਤਾਬੂਕ ਵਿਖੇ ਲਿਜਾਇਆ ਗਿਆ। ਰਾਸ਼ਟਰਪਤੀ ਇਸਾਕ ਹਰਜ਼ੋਗ ਨੇ 4 ਅਕਤੂਬਰ ਨੂੰ ਲਿਖੇ ਪੱਤਰ ਵਿੱਚ ਕੈਪਟਨ ਮੱਛਾਰ ਦੇ ਅਸਾਧਾਰਨ ਸਾਹਸ ਅਤੇ ਦ੍ਰਿੜ ਸੰਕਲਪ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਮੱਛਾਰ ਦੇ ਠੀਕ ਹੁੰਦੇ ਹੀ ਇਜ਼ਰਾਈਲ ਦੀ ਜਨਤਾ ਵੱਲੋਂ ਉਨ੍ਹਾਂ ਨੂੰ ‘ਪ੍ਰੈਜ਼ੀਡੈਂਸ਼ੀਅਲ ਐਵਾਰਡ ਫਾਰ ਸਿਵਿਲੀਅਨ ਹੀਰੋਇਜ਼ਮ’ ਨਾਲ ਸਨਮਾਨਿਤ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੋਵੇਗੀ।

