Indiscriminate shooting in Pennsylvania, USA; 9 people dead
ਅਮਰੀਕਾ ਦੇ ਪੈਨਸਿਲਵੇਨੀਆ ‘ਚ ਅੰਨ੍ਹੇਵਾਹ ਗੋਲੀਬਾਰੀ, 9 ਲੋਕਾਂ ਦੀ ਮੌਤ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਏਰੀ (Erie) ਸ਼ਹਿਰ ਵਿੱਚ ਹੋਈ ਅੰਨ੍ਹੇਵਾਹ ਗੋਲੀਬਾਰੀ ਦੀ ਘਟਨਾ ਵਿੱਚ 2 ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਹੈ। ਪੈਨਸਿਲਵੇਨੀਆ ਦੇ ਗਵਰਨਰ ਜੋਸ਼ੂਆ ਡੇਵਿਡ ਸ਼ਾਪੀਰੋ ਨੇ ਇਸ ਘਟਨਾ ਵਿੱਚ 9 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਸ ਮੁਤਾਬਕ ਸ਼ੱਕੀ ਹਮਲਾਵਰ (ਸ਼ੂਟਰ) ਵੀ ਮਾਰਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਅਨੁਸਾਰ ਇਹ ਖੌਫ਼ਨਾਕ ਘਟਨਾ ਏਰੀ ਸ਼ਹਿਰ ਦੀ 7ਵੀਂ ਅਤੇ ਪੈਰੀ ਸਟ੍ਰੀਟ ‘ਤੇ ਵਾਪਰੀ। ਏਰੀ ਸ਼ਹਿਰ ਪਿਟਸਬਰਗ ਤੋਂ ਲਗਭਗ 206 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦਿਆਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਏਰੀ ਦੇ ਪੁਲਸ ਚੀਫ਼ ਰਿਕ ਲੋਰਾਹ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ 28 ਸਾਲ ਤੋਂ ਵੱਧ ਦੇ ਕਰੀਅਰ ਵਿੱਚ ਕਦੇ ਵੀ ਅਜਿਹੀ ਜਾਨ-ਮਾਲ ਦੀ ਹਾਨੀ ਅਤੇ ਤਬਾਹੀ ਨਹੀਂ ਦੇਖੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਹੈ। ਗਵਰਨਰ ਜੋਸ਼ੂਆ ਸ਼ਾਪੀਰੋ ਨੇ ਏਰੀ ਦੀ ਮੇਅਰ ਡਾਰੀਆ ਡੈਵਲਿਨ (Daria Devlin) ਨੂੰ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਮੇਅਰ ਅਤੇ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਸ਼ੱਕੀ ਸ਼ੂਟਰ ਦੀ ਮੌਤ ਹੋ ਚੁੱਕੀ ਹੈ ਅਤੇ ਸਥਿਤੀ ਕਾਬੂ ਹੇਠ ਹੈ, ਇਸ ਲਈ ਹੁਣ ਆਮ ਜਨਤਾ ਨੂੰ ਕੋਈ ਖ਼ਤਰਾ ਨਹੀਂ ਹੈ।

