Inflation increases President Trump’s concern, only 39 percent of Americans are satisfied with their jobs
ਮਹਿੰਗਾਈ ਨੇ ਵਧਾਈ ਰਾਸ਼ਟਰਪਤੀ ਟਰੰਪ ਦੀ ਚਿੰਤਾ, ਸਿਰਫ਼ 39 ਫ਼ੀਸਦੀ ਅਮਰੀਕੀ ਕੰਮਕਾਜ ਤੋਂ ਸੰਤੁਸ਼ਟ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਵਿਚ ਮਹਿੰਗਾਈ ਅਤੇ ਵਧਦੀ ਰਹਿਣ-ਸਹਿਣ ਦੀ ਲਾਗਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ‘ਫੌਕਸ ਨਿਊਜ਼’ ਦੇ ਤਾਜ਼ਾ ਸਰਵੇਖਣ ਅਨੁਸਾਰ ਟਰੰਪ ਦੇ ਕੰਮਕਾਜ ਨੂੰ ਸਿਰਫ਼ 39 ਫ਼ੀਸਦੀ ਰਜਿਸਟਰਡ ਵੋਟਰਾਂ ਨੇ ਪਸੰਦ ਕੀਤਾ, ਜਦੋਂ ਕਿ 61 ਫ਼ੀਸਦੀ ਨੇ ਅਸਹਿਮਤੀ ਜਤਾਈ। ਮਹਿੰਗਾਈ ਨਾਲ ਨਜਿੱਠਣ ਦੇ ਮਾਮਲੇ ਵਿਚ ਸਿਰਫ਼ 24 ਫ਼ੀਸਦੀ ਲੋਕਾਂ ਨੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਸਹੀ ਮੰਨਿਆ, ਜਦੋਂ ਕਿ 63 ਫ਼ੀਸਦੀ ਦਾ ਮੰਨਣਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਅਰਥਵਿਵਸਥਾ ਨੂੰ ਪਹਿਲਾਂ ਨਾਲੋਂ ਖ਼ਰਾਬ ਕੀਤਾ ਹੈ। ਸਰਵੇ ਮੁਤਾਬਕ 34 ਫ਼ੀਸਦੀ ਵੋਟਰਾਂ ਲਈ ਰਹਿਣ-ਸਹਿਣ ਦੀ ਲਾਗਤ ਸਭ ਤੋਂ ਵੱਡਾ ਮੁੱਦਾ ਹੈ। 61 ਫ਼ੀਸਦੀ ਲੋਕ ਪੈਟਰੋਲ, 62 ਫ਼ੀਸਦੀ ਰਾਸ਼ਨ, 54 ਫ਼ੀਸਦੀ ਰਿਹਾਇਸ਼ ਅਤੇ 52 ਫ਼ੀਸਦੀ ਸਿਹਤ ਸੰਭਾਲ ਦੇ ਖ਼ਰਚਿਆਂ ਤੋਂ ਪ੍ਰੇਸ਼ਾਨ ਹਨ। ਮਹਿੰਗਾਈ ਕੰਟਰੋਲ ਕਰਨ ਦੇ ਮਾਮਲੇ ਵਿਚ ਡੈਮੋਕ੍ਰੇਟਿਕ ਪਾਰਟੀ ਨੂੰ ਰਿਪਬਲਿਕਨਾਂ ਦੇ ਮੁਕਾਬਲੇ 15 ਅੰਕਾਂ ਦੀ ਬੜ੍ਹਤ ਮਿਲੀ ਹੈ। ਇਸ ਤੋਂ ਇਲਾਵਾ 64 ਫ਼ੀਸਦੀ ਅਮਰੀਕੀਆਂ ਦਾ ਮੰਨਣਾ ਹੈ ਕਿ ਟੈਰਿਫ਼ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਂਦੇ ਹਨ। ਆਰਥਿਕ ਨਿਰਾਸ਼ਾ ਕਾਰਨ 68 ਫ਼ੀਸਦੀ ਲੋਕਾਂ ਨੂੰ ਲੱਗਦਾ ਹੈ ਕਿ ਅਗਲੀ ਪੀੜ੍ਹੀ ਦਾ ਭਵਿੱਖ ਅੱਜ ਨਾਲੋਂ ਖ਼ਰਾਬ ਹੋਵੇਗਾ। ਕੁੱਲ 68 ਫ਼ੀਸਦੀ ਵੋਟਰ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਹਨ। ਇਹ ਸਰਵੇ 11 ਤੋਂ 14 ਸਤੰਬਰ ਦਰਮਿਆਨ 1,211 ਵੋਟਰਾਂ ’ਤੇ ਕੀਤਾ ਗਿਆ ਸੀ।

