Plane in mid-air turns into a battleground: Passengers trade punches in the cabin
ਹਵਾ ‘ਚ ਉੱਡਦਾ ਜਹਾਜ਼ ਬਣਿਆ ਜੰਗ ਦਾ ਅਖਾੜਾ: ਕੇਬਿਨ ‘ਚ ਮੁਸਾਫ਼ਰਾਂ ਵਿਚਾਲੇ ਚੱਲੇ ਘਸੁੰਨ-ਮੁੱਕੇ
Dhaka, (ਆਵਾਜ਼ਿ ਕੌਮ ਬਿਊਰੋ)-ਸੋਸ਼ਲ ਮੀਡੀਆ ‘ਤੇ ਅਕਸਰ ਟ੍ਰੇਨਾਂ ਜਾਂ ਮੈਟਰੋ ਵਿੱਚ ਯਾਤਰੀਆਂ ਵਿਚਾਲੇ ਝੜਪ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੱਲਦੀ ਫਲਾਈਟ ਦੇ ਅੰਦਰ ਦੋ ਮੁਸਾਫ਼ਰਾਂ ਵਿਚਾਲੇ ਜ਼ਬਰਦਸਤ ਹੱਥੋਪਾਈ ਹੋ ਗਈ। ਇਹ ਘਟਨਾ ‘ਬਿਮਾਨ ਬੰਗਲਾਦੇਸ਼ ਏਅਰਲਾਈਨਜ਼’ (Biman Bangladesh Airlines) ਦੀ ਦੱਸੀ ਜਾ ਰਹੀ ਹੈ। ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਯਾਤਰੀ ਇੱਕ-ਦੂਜੇ ‘ਤੇ ਹੱਥ ਚੁੱਕਣ ਲੱਗਦੇ ਹਨ ਅਤੇ ਦੇਖਦੇ ਹੀ ਦੇਖਦੇ ਕੇਬਿਨ ਵਿੱਚ ਮੁੱਕੇ ਚੱਲਣ ਲੱਗ ਜਾਂਦੇ ਹਨ। ਇਸ ਦੌਰਾਨ ਇੱਕ ਯਾਤਰੀ ਦੀ ਟੀ-ਸ਼ਰਟ ਵੀ ਫਟ ਜਾਂਦੀ ਹੈ ਅਤੇ ਦੋਵੇਂ ਸੀਟਾਂ ਦੇ ਨੇੜੇ ਡਿੱਗ ਪੈਂਦੇ ਹਨ। ਫਲਾਈਟ ਦੇ ਅੰਦਰ ਅਚਾਨਕ ਹੋਈ ਇਸ ਕੁੱਟਮਾਰ ਕਾਰਨ ਉੱਥੇ ਮੌਜੂਦ ਬੱਚਿਆਂ ਅਤੇ ਬਜ਼ੁਰਗ ਯਾਤਰੀਆਂ ਵਿੱਚ ਡਰ ਅਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਹ ਘਟਨਾ 17 ਸਤੰਬਰ 2026 ਦੀ ਦੱਸੀ ਜਾ ਰਹੀ ਹੈ। ਸ਼ੁਰੂਆਤੀ ਰਿਪੋਰਟਾਂ ਵਿੱਚ ਇਸ ਨੂੰ ਲੰਡਨ ਤੋਂ ਬੰਗਲਾਦੇਸ਼ ਜਾਣ ਵਾਲੀ ਫਲਾਈਟ ਦੱਸਿਆ ਗਿਆ ਸੀ, ਪਰ ਬਾਅਦ ਵਿੱਚ ਏਅਰਲਾਈਨ ਅਧਿਕਾਰੀ ਦੇ ਹਵਾਲੇ ਨਾਲ ਸਾਫ਼ ਕੀਤਾ ਗਿਆ ਕਿ ਫਲਾਈਟ ਸਿਲਹਟ ਤੋਂ ਲੰਡਨ ਜਾ ਰਹੀ ਸੀ। ‘ਢਾਕਾ ਟ੍ਰਿਬਿਊਨ’ (Dhaka Tribune) ਦੀ ਰਿਪੋਰਟ ਅਨੁਸਾਰ, ਬਿਮਾਨ ਬੰਗਲਾਦੇਸ਼ ਏਅਰਲਾਈਨਜ਼ ਦੇ ਜਨਰਲ ਮੈਨੇਜਰ (ਪਬਲਿਕ ਰਿਲੇਸ਼ਨਜ਼) ਮਹਿਬੂਬੁੱਦੀਨ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ ਵਿੱਚ ਇਸ ਘਟਨਾ ਦੀ ਜਾਣਕਾਰੀ ਨਹੀਂ ਸੀ। ਵੀਡੀਓ ਵਾਇਰਲ ਹੋਣ ਦੇ ਬਾਵਜੂਦ ਹਾਲੇ ਤੱਕ ਲੜਾਈ ਦੀ ਪੂਰੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਇਸ ਦੇ ਨਾਲ ਹੀ ਲੈਂਡਿੰਗ ਤੋਂ ਬਾਅਦ ਦੋਵਾਂ ਯਾਤਰੀਆਂ ਖ਼ਿਲਾਫ਼ ਕੋਈ ਕਾਨੂੰਨੀ ਜਾਂ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ ਜਾਂ ਨਹੀਂ, ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

