International Panthic Dal’s Sharp Reaction to Jathedar’s Statement

International Panthic Dal's Sharp Reaction to Jathedar's Statement

ਜਥੇਦਾਰ ਦੇ ਬਿਆਨ ‘ਤੇ ਇੰਟਰਨੈਸ਼ਨਲ ਪੰਥਕ ਦਲ ਦਾ ਤਿੱਖਾ ਪ੍ਰਤੀਕਰਮ

International Panthic Dal

18 ਫ਼ਰਵਰੀ 2026, ਲੰਡਨ/ਅੰਮ੍ਰਿਤਸਰ –ਯੂਕੇ ਅਧਾਰਿਤ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਤਾਜ਼ਾ ਬਿਆਨ ’ਤੇ ਕੜਾ ਪ੍ਰਤੀਕਰਮ ਜਾਰੀ ਕੀਤਾ ਗਿਆ ਹੈ। ਦਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਉਹ ਸਮੇਂ ਹੋਣੀ ਚਾਹੀਦੀ ਸੀ ਜਦੋਂ ਉਹ ਖੁਦ ਅਹੁਦੇ ’ਤੇ ਸਨ; ਹੁਣ ਕੇਵਲ ਬਿਆਨਬਾਜ਼ੀ ਕਰਨ ਨਾਲ ਕੋਈ ਵਾਸਤਵਿਕ ਲਾਭ ਨਹੀਂ ਹੋਵੇਗਾ।
ਦਲ ਨੇ ਕਿਹਾ ਕਿ ਜਦੋਂ ਜਥੇਦਾਰ ਸਾਹਿਬ ਇੰਗਲੈਂਡ ਦੌਰੇ ’ਤੇ ਆਏ ਸਨ, ਉਸ ਵੇਲੇ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਬਾਰੰਬਾਰ ਅਪੀਲ ਕੀਤੀ ਗਈ ਸੀ ਕਿ ਜੇ ਉਹ ਖੁਦ ਡੱਟ ਕੇ ਕਦਮ ਨਹੀਂ ਚੁੱਕ ਸਕਦੇ ਤਾਂ ਘੱਟੋ-ਘੱਟ ਸਰਬੱਤ ਖਾਲਸਾ ਸੱਦਿਆ ਜਾਵੇ, ਤਾਂ ਜੋ ਕੌਮ ਆਪਣੇ ਮਸਲਿਆਂ ’ਤੇ ਖੁਦ ਫੈਸਲਾ ਕਰ ਸਕੇ। ਦਲ ਦੇ ਅਨੁਸਾਰ ਉਸ ਵੇਲੇ ਕੋਈ ਸਪਸ਼ਟ ਸਟੈਂਡ ਨਹੀਂ ਲਿਆ ਗਿਆ।
ਬਿਆਨ ਵਿੱਚ ਦੋਸ਼ ਲਗਾਇਆ ਗਿਆ ਕਿ ਜਦੋਂ ਜਥੇਦਾਰ ਸਾਹਿਬ ਦੀ ਡਿਊਟੀ ਬਣਦੀ ਸੀ ਅਤੇ ਉਹ ਪ੍ਰਭਾਵਸ਼ਾਲੀ ਕਦਮ ਚੁੱਕ ਸਕਦੇ ਸਨ, ਉਸ ਸਮੇਂ ਕੌਮ ਦੀਆਂ ਅਪੀਲਾਂ ਨੂੰ ਅਣਡਿੱਠਾ ਕੀਤਾ ਗਿਆ। ਦਲ ਨੇ ਇਹ ਵੀ ਸੰਕੇਤ ਦਿੱਤਾ ਕਿ ਉਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਹੈੱਡ ਗ੍ਰੰਥੀ ਦੀ ਸੇਵਾ ਵਾਪਸ ਲੈਣ ਦੀ ਚਰਚਾ ਵੀ ਚੱਲ ਰਹੀ ਸੀ।
ਖ਼ਾਸ ਤੌਰ ’ਤੇ 2 ਦਸੰਬਰ 2024 ਦੇ ਹੁਕਮਨਾਮੇ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਜੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਖ਼ਿਲਾਫ਼ ਸਖ਼ਤ ਪਹਿਰਾ ਦਿੱਤਾ ਜਾਂਦਾ ਅਤੇ ਅਕਾਲ ਤਖ਼ਤ ਤੋਂ ਭਗੌੜੇ ਕਰਾਰ ਦਿੱਤੇ ਗਏ ਆਗੂਆਂ ’ਤੇ ਡੱਟ ਕੇ ਕਾਰਵਾਈ ਕੀਤੀ ਜਾਂਦੀ, ਤਾਂ ਪੰਥ ਨੂੰ ਮੌਜੂਦਾ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ।
ਦਲ ਨੇ ਚੇਤਾਵਨੀ ਦਿੱਤੀ ਕਿ ਹਾਲਾਤ ਇਸ ਮਕਾਮ ’ਤੇ ਪਹੁੰਚ ਗਏ ਹਨ ਜਿੱਥੇ “ਜੋ ਗੰਢਾਂ ਹੱਥਾਂ ਨਾਲ ਦਿੱਤੀਆਂ ਗਈਆਂ ਸਨ, ਹੁਣ ਉਹ ਦੰਦਾਂ ਨਾਲ ਵੀ ਨਹੀਂ ਖੋਲ੍ਹੀਆਂ ਜਾ ਸਕਣਗੀਆਂ।” ਉਨ੍ਹਾਂ ਦੇ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਖਾਲਸਾ ਪੰਥ ਨੂੰ ਵੱਡੇ ਸੰਘਰਸ਼ ਲਈ ਤਿਆਰ ਰਹਿਣਾ ਪਵੇਗਾ। ਦਲ ਨੇ ਇਹ ਵੀ ਕਿਹਾ ਕਿ ਅੰਤਿਮ ਜਿੱਤ ਤਦੋਂ ਹੋਵੇਗੀ ਜਦੋਂ ਸਰਬੱਤ ਖਾਲਸਾ ਸਜੇਗਾ ਅਤੇ ਕੌਮ ਆਪਣੇ ਫੈਸਲੇ ਆਪ ਕਰੇਗੀ।
ਇਹ ਸਾਂਝਾ ਬਿਆਨ ਦਲ ਦੇ ਪ੍ਰਧਾਨ ਭਾਈ ਰਘਬੀਰ ਸਿੰਘ, ਅੰਤਰਰਾਸ਼ਟਰੀ ਆਰਗੇਨਾਈਜ਼ਰ ਭਾਈ ਪਰਮਜੀਤ ਸਿੰਘ ਢਾਡੀ, ਜਨਰਲ ਸਕੱਤਰ ਅਤੇ ਮੁੱਖ ਬੁਲਾਰਾ ਭਾਈ ਕਪਤਾਨ ਸਿੰਘ, ਸੀਨੀਅਰ ਮੀਤ ਪ੍ਰਧਾਨ ਭਾਈ ਰਘਵੀਰ ਸਿੰਘ ਬੀਰ੍ਹਾ ਅਤੇ ਚੀਫ ਆਰਗੇਨਾਈਜ਼ਰ ਭਾਈ ਰਘਬੀਰ ਸਿੰਘ ਮਾਲੜੀ ਵੱਲੋਂ ਜਾਰੀ ਕੀਤਾ ਗਿਆ ਹੈ।