Jathedar Daduwal Ji honored with America’s 250th Heritage Award
ਜਥੇਦਾਰ ਦਾਦੂਵਾਲ ਜੀ ਨੂੰ ਅਮਰੀਕਾ ਦੇ 250ਵੇਂ ਵਿਰਾਸਤੀ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ
ਵਾਸ਼ਿੰਗਟਨ ਡੀ.ਸੀ. (Awaze Qaum)— ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਸਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਸੁੱਖ ਸੇਵਾ ਸਿਮਰਨ ਟਰੱਸਟ,ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਮਰੀਕਾ ਦੇ ਵੱਕਾਰੀ 250ਵੇਂ ਵਿਰਾਸਤੀ ਐਵਾਰਡ (250th Legacy Award USA) ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਦੇ ਪ੍ਰਸਿੱਧ ਮੇਅਫਲਾਵਰ ਹੋਟਲ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਭਰਵੀਂ ਹਾਜ਼ਰੀ ਵਿੱਚ ਪ੍ਰਦਾਨ ਕੀਤਾ ਗਿਆ। ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ, ਕਾਰੋਬਾਰੀ ਆਗੂਆਂ, ਧਾਰਮਿਕ ਅਤੇ ਸਮਾਜਿਕ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਇਹ ਅਵਾਰਡ ਉਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਧਾਰਮਿਕ ਖੇਤਰ, ਕਮਿਊਨਿਟੀ ਸੇਵਾ ਅਤੇ ਸਿੱਖ ਵਿਰਾਸਤ ਦੇ ਪ੍ਰਚਾਰ-ਪ੍ਰਸਾਰ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਦਿੱਤਾ ਗਿਆ। ਉਨ੍ਹਾਂ ਵੱਲੋਂ ਗੁਰਮਤਿ ਵਿਚਾਰਧਾਰਾ, ਸਿੱਖੀ ਸਿਧਾਂਤਾਂ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ। ਇਸ ਮੌਕੇ ਜਥੇਦਾਰ ਦਾਦੂਵਾਲ ਨੇ ਸਨਮਾਨ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਵਿਰਾਸਤ ਸਮੁੱਚੀ ਮਨੁੱਖਤਾ ਨੂੰ ਸੇਵਾ, ਬਰਾਬਰੀ, ਭਾਈਚਾਰੇ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਸਿੱਖੀ ਦੇ ਸਰਬ-ਸਾਂਝੇ ਸੰਦੇਸ਼ ਨੂੰ ਵਿਸ਼ਵ ਪੱਧਰ ’ਤੇ ਹੋਰ ਮਜ਼ਬੂਤੀ ਨਾਲ ਪਹੁੰਚਾਉਣ ਲਈ ਪ੍ਰੇਰਨਾ ਦਿੰਦੇ ਹਨ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਿਲੇ ਇਸ ਵੱਡੇ ਅੰਤਰਰਾਸ਼ਟਰੀ ਸਨਮਾਨ ’ਤੇ ਅਮਰੀਕਾ ਦੀਆਂ ਵੱਖ-ਵੱਖ ਸਿੱਖ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਧਾਰਮਿਕ ਤੇ ਕਮਿਊਨਿਟੀ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜਥੇਦਾਰ ਦਾਦੂਵਾਲ ਜੀ ਦੇ ਨਾਲ ਸਿੱਖ ਚਿੰਤਕ ਸਰਦਾਰ ਸੁਰਿੰਦਰ ਸਿੰਘ ਗਿੱਲ ਯੂ ਐਸ ਏ,ਸ੍ਰੀ ਸੁਬੇਗ ਸਿੰਘ ਮੁਲਤਾਨੀ ਨਿਊਯਾਰਕ,ਰਣਜੀਤ ਸਿੰਘ ਸਲਾਹਕਾਰ ਵਰਲਡ ਬੈਂਕ,ਸਤਿੰਦਰ ਸਿੰਘ ਕੰਗ ਵਾਸ਼ਿੰਗਟਨ,ਰਣਜੀਤ ਸਿੰਘ ਰਾਣਾ ਯੂ ਐਸ ਏ ਅਤੇ ਸ੍ਰੀ ਜਸਵਿੰਦਰ ਸਿੰਘ ਔਜਲਾ ਰਾਇਲ ਤਾਜ ਵੀ ਹਾਜ਼ਰ ਸਨ।





