Jhota’s father makes a major statement: No one from the families of Indira or Beant Singh should come to them
ਝੋਟਾ ਦੇ ਪਿਤਾ ਦਾ ਵੱਡਾ ਬਿਆਨ : ਇੰਦਰਾ ਤੇ ਬੇਅੰਤ ਸਿੰਘ ਪਰਿਵਾਰ ਵਿਚੋਂ ਕੋਈ ਵੀ ਵਿਅਕਤੀ ਉਨ੍ਹਾਂ ਕੋਲ ਨਾ ਆਵੇ
ਮਾਨਸਾ, (ਆਵਾਜ਼ਿ ਕੌਮ ਬਿਊਰੋ)-ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ 21ਵੇਂ ਦਿਨ ਪਰਵਿੰਦਰ ਸਿੰਘ ਝੋਟਾ ਅਤੇ 7ਵੇਂ ਦਿਨ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦਾ ਅੰਤਿਮ ਸਸਕਾਰ ਨਹੀਂ ਹੋ ਸਕਿਆ। ਮਾਨਸਾ ਧਰਨਾ ਸੋਮਵਾਰ ਨੂੰ 21ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਨੇ 4 ਨਵੰਬਰ ਨੂੰ ਰਾਹੁਲ ਗਾਂਧੀ ਦੇ ਸੰਗਰੂਰ ਰੈਲੀ ਵਿਚ ਪਹੁੰਚਣ ਦੌਰਾਨ ਮਾਨਸਾ ਧਰਨੇ ਵਿਚ ਪੁੱਜਣ ਦੇ ਮਿਲੇ ਸੁਨੇਹੇ ’ਤੇ ਕਿਹਾ ਕਿ ਰਾਹੁਲ ਗਾਂਧੀ ਨਾਲ ਉਨ੍ਹਾਂ ਦਾ ਕੋਈ ਮਨ ਮੁਟਾਓ ਨਹੀਂ ਪਰ ਉਨ੍ਹਾਂ ਦੀ ਬੇਨਤੀ ਹੈ ਕਿ ਇੰਦਰਾ ਤੇ ਬੇਅੰਤ ਸਿੰਘ ਪਰਿਵਾਰ ਵਿਚੋਂ ਕੋਈ ਵੀ ਵਿਅਕਤੀ ਉਨ੍ਹਾਂ ਕੋਲ ਨਾ ਆਵੇ। ਉਹ ਪੰਥ ਨਾਲ ਜੁੜੇ ਹੋਏ ਹਨ ਨਹੀਂ ਤਾਂ ਪੰਥ ਉਨ੍ਹਾਂ ਨੂੰ ਸ਼ੇਕ ਦੇਵੇਗਾ। ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਮੋਰਚੇ ਦੌਰਾਨ ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇਰ ਸ਼ਾਮ ਉਨ੍ਹਾਂ ਦੇ ਘਰ ਪਹੁੰਚੇ। ਕੈਬਨਿਟ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਦੀ ਇਸ ਆਮਦ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਨ। ਜ਼ਿਲਾ ਪ੍ਰਸ਼ਾਸ਼ਨ ਨੇ ਮੀਟਿੰਗ ਕਰਕੇ ਇਨਸਾਫ ਕਮੇਟੀ ਅਤੇ ਪਰਿਵਾਰਕ ਮੈਂਬਰਾਂ ਨਾਲ ਪੰਜਾਬ ਕੈਬਨਿਟ ਮੰਤਰੀਆਂ ਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ, ਸਿਹਤ ਮੰਤਰੀ ਤੇ ਖੇਤੀਬਾੜੀ ਮੰਤਰੀ ਆਉਣਗੇ। ਉਧਰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਨੇ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਹੈ। ਦਲਜੀਤ ਸਿੰਘ ਦੀ ਲਾਸ਼ ਨੂੰ ਧਰਨੇ ਵਾਲੀ ਥਾਂ ’ਤੇ ਲਿਜਾਣ ਦੌਰਾਨ ਹੋਏ ਵਿਵਾਦ ਵਿਚ ਪੁਲਸ ਮੁਲਾਜਮਾਂ ਨੂੰ ਜਖਮੀ ਕਰਨ ਦੇ ਮਾਮਲੇ ਵਿਚ ਵਾਰਿਸ ਪੰਜਾਬ ਦੇ ਕਾਰਕੁੰਨ ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਸ ਨੇ ਦੋਵਾਂ ਦਾ ਅਦਾਲਤ ਕੋਲੋਂ 10 ਦਿਨਾਂ ਦਾ ਰਿਮਾਂਡ ਮੰਗਿਆ ਸੀ। ਪੁਲਸ ਨੇ ਦਲੀਲ ਦਿੱਤੀ ਸੀ ਕਿ ਲੱਖਾ ਸਿਧਾਣਾ ਦਾ ਮੋਬਾਇਲ ਫੋਨ ਬਰਾਮਦ ਕਰਵਾਉਣਾ ਹੈ। ਹਾਲਾਂਕਿ ਅਦਾਲਤ ਨੇ ਪੁਲਸ ਦੀ ਇਹ ਮੰਗ ਨਾ ਮਨਜ਼ੂਰ ਕਰ ਦਿੱਤੀ ਅਤੇ ਦੋਵਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ। ਲੱਖਾ ਸਿਧਾਣਾ ਦੇ ਵਕੀਲ ਵਲੋਂ ਅਦਾਲਤ ਵਿਚ ਅਰਜੀ ਦੇ ਕੇ ਉਸ ਦੀ ਸਿਹਤ ਠੀਕ ਨਾ ਹੋਣ ਦੀ ਅਪੀਲ ਕੀਤੀ ਗਈ, ਜਿਸ ’ਤੇ ਅਦਾਲਤ ਨੇ ਪੁਲਸ ਨੂੰ ਹਸਪਤਾਲ ਤੋਂ ਉਸ ਦੀ ਸਿਹਤ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ।

