Let’s raise our voice against human rights violations by boycotting the celebrations of 15th August: Gurcharan Singh Goraya
15 ਅਗਸਤ ਦੇ ਜਸ਼ਨਾਂ ਦਾ ਬਾਈਕਾਟ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖ਼ਿਲਾਫ਼ ਆਵਾਜ਼ ਬੁਲੰਦ ਕਰੀਏ : ਗੁਰਚਰਨ ਸਿੰਘ ਗੁਰਾਇਆ
ਲੋਕਤੰਤਰ ਦੀ ਅਸਲ ਪਰਖ ਚੋਣਾਂ ਨਹੀਂ, ਅਸਹਿਮਤੀ ਅਤੇ ਘੱਟਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ ਨਾਲ ਹੁੰਦੀ ਹੈ : ਵਰਲਡ ਸਿੱਖ ਪਾਰਲੀਮੈਂਟ
ਫਰੈਂਕਫਰਟ (ਸਰਬਜੀਤ ਸਿੰਘ ਬਨੂੜ(- ਵਰਲਡ ਸਿੱਖ ਪਾਰਲੀਮੈਂਟ ਨੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ, ਮਨੁੱਖੀ ਅਧਿਕਾਰਾਂ ਦੇ ਹਮਾਇਤੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਹੋਣ ਵਾਲੇ ਸਰਕਾਰੀ ਜਸ਼ਨਾਂ ਦਾ ਬਾਈਕਾਟ ਕਰਕੇ ਭਾਰਤ ਅੰਦਰ ਘੱਟਗਿਣਤੀਆਂ ਦੇ ਹੱਕਾਂ, ਮਨੁੱਖੀ ਅਧਿਕਾਰਾਂ, ਨਿਆਂ ਅਤੇ ਸਿਆਸੀ ਆਜ਼ਾਦੀ ਨਾਲ ਜੁੜੇ ਮੁੱਦਿਆਂ ਵੱਲ ਕੌਮਾਂਤਰੀ ਭਾਈਚਾਰੇ ਦਾ ਧਿਆਨ ਖਿੱਚਣ ਲਈ ਸ਼ਾਂਤਮਈ ਅਤੇ ਲੋਕਤੰਤਰੀ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਨ।
ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰ ਸਿੰਘ ਅਤੇ ਭਾਈ ਗੁਰਪਾਲ ਸਿੰਘ ਨੇ ਪ੍ਰੈੱਸ ਦੇ ਨਾਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ 15 ਅਗਸਤ ਨੂੰ ਸਿਰਫ਼ ਸਰਕਾਰੀ ਜਸ਼ਨਾਂ ਦੇ ਚਸ਼ਮੇ ਨਾਲ ਦੇਖਣ ਦੀ ਬਜਾਏ ਇਹ ਸਵਾਲ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਭਾਰਤ ਦੇ ਹਰ ਨਾਗਰਿਕ ਅਤੇ ਹਰ ਘੱਟਗਿਣਤੀ ਨੂੰ ਬਰਾਬਰੀ, ਨਿਆਂ, ਸੁਰੱਖਿਆ ਅਤੇ ਆਪਣੇ ਧਾਰਮਿਕ ਤੇ ਸਿਆਸੀ ਹੱਕਾਂ ਦੀ ਵਰਤੋਂ ਕਰਨ ਦੀ ਆਜ਼ਾਦੀ ਕਿੰਨੀ ਹੱਦ ਤੱਕ ਮਿਲੀ ਹੈ।
ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਅਸਲ ਪਰਖ ਸਿਰਫ਼ ਚੋਣਾਂ ਕਰਵਾਉਣ ਨਾਲ ਨਹੀਂ ਹੁੰਦੀ, ਸਗੋਂ ਇਸ ਗੱਲ ਨਾਲ ਹੁੰਦੀ ਹੈ ਕਿ ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਵਿਅਕਤੀ, ਘੱਟਗਿਣਤੀ ਕੌਮਾਂ, ਪੱਤਰਕਾਰ, ਮਨੁੱਖੀ ਅਧਿਕਾਰ ਕਾਰਕੁਨ ਅਤੇ ਵੱਖਰੇ ਸਿਆਸੀ ਵਿਚਾਰ ਰੱਖਣ ਵਾਲੇ ਲੋਕ ਬਿਨਾਂ ਡਰ ਅਤੇ ਦਬਾਅ ਦੇ ਆਪਣੀ ਆਵਾਜ਼ ਕਿੰਨੀ ਆਜ਼ਾਦੀ ਨਾਲ ਉਠਾ ਸਕਦੇ ਹਨ।
15 ਅਗਸਤ ਦੇ ਸੰਦਰਭ ਵਿੱਚ ਵਰਲਡ ਸਿੱਖ ਪਾਰਲੀਮੈਂਟ ਨੇ ਕਈ ਅਹਿਮ ਮੁੱਦਿਆਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਦੇਸ਼ ਦੀ ਨਿਆਂ ਪ੍ਰਣਾਲੀ ਵਿੱਚ ਗਰੀਬਾਂ, ਦਲਿਤਾਂ ਅਤੇ ਘੱਟਗਿਣਤੀਆਂ ਨੂੰ ਬਰਾਬਰ ਅਤੇ ਸਮੇਂ ਸਿਰ ਨਿਆਂ ਮਿਲ ਰਿਹਾ ਹੈ? ਕੀ ਮੀਡੀਆ ਅਤੇ ਪੱਤਰਕਾਰ ਸਰਕਾਰੀ ਜਾਂ ਸਿਆਸੀ ਦਬਾਅ ਤੋਂ ਬਿਨਾਂ ਆਪਣੀ ਗੱਲ ਕਹਿਣ ਲਈ ਪੂਰੀ ਤਰ੍ਹਾਂ ਆਜ਼ਾਦ ਹਨ? ਇਸੇ ਤਰ੍ਹਾਂ ਔਰਤਾਂ, ਖ਼ਾਸ ਕਰਕੇ ਹਾਸ਼ੀਏ ’ਤੇ ਰਹਿੰਦੇ ਵਰਗਾਂ ਵਿਰੁੱਧ ਹੋਣ ਵਾਲੇ ਜਿਨਸੀ ਅਪਰਾਧਾਂ ਦੇ ਮਾਮਲਿਆਂ ਵਿੱਚ ਕੀ ਹਰ ਪੀੜਤ ਨੂੰ ਨਿਰਪੱਖ ਅਤੇ ਸਮੇਂ ਸਿਰ ਨਿਆਂ ਮਿਲ ਰਿਹਾ ਹੈ?
ਆਗੂਆਂ ਨੇ ਕਿਹਾ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਸਿਰਫ਼ ਸਰਕਾਰੀ ਦਾਅਵਿਆਂ ਦੇ ਆਧਾਰ ’ਤੇ ਨਹੀਂ, ਸਗੋਂ ਜ਼ਮੀਨੀ ਹਕੀਕਤ, ਅਦਾਲਤੀ ਫ਼ੈਸਲਿਆਂ, ਮਨੁੱਖੀ ਅਧਿਕਾਰ ਸੰਸਥਾਵਾਂ ਦੀਆਂ ਰਿਪੋਰਟਾਂ ਅਤੇ ਪ੍ਰਭਾਵਿਤ ਲੋਕਾਂ ਦੇ ਤਜਰਬਿਆਂ ਦੀ ਕਸੌਟੀ ’ਤੇ ਪਰਖੇ ਜਾਣੇ ਚਾਹੀਦੇ ਹਨ।
ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਦੋਸ਼ ਲਾਇਆ ਕਿ ਵਿਦੇਸ਼ਾਂ ਵਿੱਚ ਭਾਰਤ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਕੁਝ ਸਿੱਖ ਕਾਰਕੁਨਾਂ ਉੱਤੇ ਵੱਖ-ਵੱਖ ਢੰਗਾਂ ਨਾਲ ਦਬਾਅ ਬਣਾਉਣ ਅਤੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਉਨ੍ਹਾਂ ਨੇ ਭਾਰਤੀ ਖੁਫੀਆ ਏਜੰਸੀਆਂ ਅਤੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਜੁੜੇ ਵਿਅਕਤੀਆਂ ਦੀ ਭੂਮਿਕਾ ਸਬੰਧੀ ਵੀ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਸਿੱਖ ਕਾਰਕੁਨਾਂ ਨੂੰ ਡਰਾਉਣ ਜਾਂ ਦਬਾਅ ਹੇਠ ਲਿਆਉਣ ਦੀਆਂ ਕਥਿਤ ਕਾਰਵਾਈਆਂ ਦੀ ਨਿਰਪੱਖ ਜਾਂਚ ਅਤੇ ਜਵਾਬਦੇਹੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
ਭਾਈ ਗੁਰਚਰਨ ਸਿੰਘ ਗੁਰਾਇਆ ਨੇ 15 ਅਗਸਤ ਨੂੰ ਰੋਸ ਅਤੇ ‘ਕਾਲਾ ਦਿਵਸ’ ਵਜੋਂ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਲੋਕ ਘੱਟਗਿਣਤੀਆਂ ਦੇ ਹੱਕਾਂ, ਮਨੁੱਖੀ ਅਧਿਕਾਰਾਂ, ਨਿਆਂ ਅਤੇ ਸਿਆਸੀ ਆਜ਼ਾਦੀ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ, ਉਹ 15 ਅਗਸਤ ਦੇ ਸਰਕਾਰੀ ਜਸ਼ਨਾਂ ਦਾ ਬਾਈਕਾਟ ਕਰਕੇ ਸ਼ਾਂਤਮਈ ਅਤੇ ਲੋਕਤੰਤਰੀ ਰੋਸ ਰਾਹੀਂ ਆਪਣੀ ਆਵਾਜ਼ ਕੌਮਾਂਤਰੀ ਭਾਈਚਾਰੇ ਤੱਕ ਪਹੁੰਚਾਉਣ।
ਉਨ੍ਹਾਂ ਸਪੱਸ਼ਟ ਕੀਤਾ ਕਿ “ਸਾਡਾ ਸੰਘਰਸ਼ ਕਿਸੇ ਕੌਮ, ਧਰਮ ਜਾਂ ਆਮ ਲੋਕਾਂ ਨਾਲ ਵੈਰ ਦਾ ਨਹੀਂ, ਸਗੋਂ ਹੱਕ, ਨਿਆਂ, ਬਰਾਬਰੀ ਅਤੇ ਸਵੈ-ਨਿਰਣੇ ਦੇ ਅਧਿਕਾਰ ਲਈ ਹੈ।” ਉਨ੍ਹਾਂ ਸਮੂਹ ਸਿੱਖ ਸੰਗਤਾਂ ਅਤੇ ਮਨੁੱਖੀ ਅਧਿਕਾਰਾਂ ਦੇ ਹਮਾਇਤੀਆਂ ਨੂੰ ਅਪੀਲ ਕੀਤੀ ਕਿ ਉਹ 15 ਅਗਸਤ ਨੂੰ ਭਾਰਤੀ ਸਫ਼ਾਰਤਖ਼ਾਨਿਆਂ ਅਤੇ ਕੌਂਸਲੇਟਾਂ ਸਾਹਮਣੇ ਹੋਣ ਵਾਲੇ ਸ਼ਾਂਤਮਈ ਰੋਸ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ ਅਤੇ ਅਨੁਸ਼ਾਸਨ ਤੇ ਲੋਕਤੰਤਰੀ ਮਰਿਆਦਾ ਕਾਇਮ ਰੱਖਦਿਆਂ ਆਪਣੀ ਆਵਾਜ਼ ਬੁਲੰਦ ਕਰਨ।

