‘Maha Bandh’ declared in Punjab
ਪੰਜਾਬ ਵਿਚ ਹੁਣ ‘ਮਹਾ ਬੰਦ’ ਦਾ ਐਲਾਨ
ਮਾਲੇਰਕੋਟਲਾ (ਆਵਾਜ਼ਿ ਕੌਮ ਬਿਊਰੋ)-‘ਪੰਜਾਬ ਮੁਲਾਜ਼ਮ ਮੰਚ’ ਵੱਲੋਂ ਇਥੇ ਇਕ ਪੈਲੇਸ ਵਿਚ ਵਿਸ਼ਾਲ ਇਕੱਠ ਕੀਤਾ ਗਿਆ। ਇਸ ਮੌਕੇ ਕਰਮਚਾਰੀ ਦਲ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਨੇ ਦੱਸਿਆ ਕਿ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਮੁਲਾਜ਼ਮ ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਬਾਰੇ ਚਰਚਾ ਕੀਤੀ। ਕਨਵੀਨਰ ਖਹਿਰਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਵਾਜਬ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ 27 ਅਗਸਤ ਨੂੰ ਪੂਰੇ ਸੂਬੇ ਵਿਚ ‘ਮਹਾ ਬੰਦ’ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਜੇਕਰ ਸਰਕਾਰ ਸਮਾਂ ਰਹਿੰਦੇ ਹੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਕਰ ਲਵੇ। ਹਾਜ਼ਰ ਜਥੇਬੰਦੀਆਂ ’ਚ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ, ਪੀ. ਡਬਲਯੂ. ਡੀ. ਫੀਲਡ ਐਂਡ ਵਰਕਸ਼ਾਪ ਯੂਨੀਅਨ, ਪਟਵਾਰ ਯੂਨੀਅਨ, ਸੀ.ਪੀ.ਈ.ਐੱਫ. ਯੂਨੀਅਨ, ਆਲ ਪੰਜਾਬ ਸੁਪਰਵਾਈਜ਼ਰ ਯੂਨੀਅਨ, ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ, ਕੰਪਿਊਟਰ ਟੀਚਰਜ਼ ਯੂਨੀਅਨ, ਡੀ.ਟੀ.ਐੱਫ. ਅਧਿਆਪਕ ਯੂਨੀਅਨ, ਪੈਨਸ਼ਨਰਜ਼ ਯੂਨੀਅਨ, ਡੀ. ਸੀ. ਦਫਤਰ ਯੂਨੀਅਨ, ਬੀ. ਐੱਡ. ਟੀਚਰਜ਼ ਫਰੰਟ ਅਤੇ ਐੱਸ.ਸੀ./ਬੀ. ਸੀ. ਯੂਨੀਅਨ ਦੇ ਆਗੂ ਤੇ ਵਰਕਰ ਸ਼ਾਮਲ ਸਨ। ਇਸ ਇਕੱਠ ’ਚ ਮਨਦੀਪ ਸਿੰਘ ਸਿੱਧੂ, ਕਨਵੀਨਰ ਰਣਜੀਤ ਸਿੰਘ ਰਾਨਵਾ, ਵਾਸਵੀਰ ਸਿੰਘ ਭੁੱਲਰ, ਕਮਲ ਸਿੱਧੂ, ਸਰਨਵੀਰ ਸਿੰਘ, ਪ੍ਰਧਾਨ ਮਾਸ ਮੀਡੀਆ ਅਫਸਰ ਡਾ. ਰਣਵੀਰ ਸਿੰਘ ਢੰਡੇ ਸਮੇਤ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ’ਚ ਹਾਜ਼ਰ ਸਨ।

