Major accident in Himachal, Fortuner car carrying school children falls into gorge, 1 dead
ਹਿਮਾਚਲ ‘ਚ ਵੱਡਾ ਹਾਦਸਾ, ਖੱਡ ‘ਚ ਡਿੱਗੀ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਫਾਰਚੂਨਰ ਕਾਰ, 1 ਦੀ ਮੌਤ
ਸ਼ਿਮਲਾ (ਆਵਾਜ਼ਿ ਕੌਮ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਵਿੱਚ ਚੌਪਾਲ ਤਹਿਸੀਲ ਨੇੜੇ ਇੱਕ ਸਰਕਾਰੀ ਸਕੂਲ ਦੇ ਅੱਠ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਐੱਸਯੂਵੀ ਦੇ ਖੱਡ ਵਿੱਚ ਡਿੱਗਣ ਦੀ ਸੂਚਨਾ ਮਿਲੀ। ਇਸ ਹਾਦਸੇ ਦੌਰਾਨ ਇੱਕ 11 ਸਾਲਾ ਬੱਚੀ ਦੀ ਮੌਤ ਹੋ ਗਈ, ਜਦੋਂ ਕਿ ਸੱਤ ਹੋਰ ਜ਼ਖਮੀ ਹੋ ਗਏ। ਪੁਲਸ ਨੇ ਵੀਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 11 ਸਾਲਾ ਸਾਕਸ਼ੀ ਵਜੋਂ ਹੋਈ ਹੈ, ਜੋ ਚੌਪਾਲ ਦੇ ਸ਼ਾਂਤਾ ਪਿੰਡ ਦੀ ਰਹਿਣ ਵਾਲੀ ਸੀ। ਪੁਲਸ ਅਨੁਸਾਰ ਇਹ ਹਾਦਸਾ ਵੀਰਵਾਰ ਸ਼ਾਮ 5:30 ਵਜੇ ਦੇ ਕਰੀਬ ਝੜੀ ਪਿੰਡ ਨੇੜੇ ਵਾਪਰਿਆ ਹੈ। ਐਸਯੂਵੀ (ਫਾਰਚੂਨਰ) ਦੇ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਗੱਡੀ ਫਿਸਲ ਗਈ ਅਤੇ ਖੱਡ ਵਿੱਚ ਡਿੱਗ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੀ ਇੱਕ ਟੀਮ ਮੌਕੇ ‘ਤੇ ਪਹੁੰਚ ਗਈ, ਜਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜ਼ਖਮੀਆਂ ਨੂੰ ਬਚਾਇਆ। ਫਿਰ ਉਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਸ਼ਿਮਲਾ ਦੇ ਸੀਨੀਅਰ ਪੁਲਸ ਸੁਪਰਡੈਂਟ ਗੌਰਵ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

