Major action by FSDA: Licenses of 9 hospital pharmacies in Lucknow suspended
FSDA ਦਾ ਵੱਡਾ ਐਕਸ਼ਨ: ਲਖਨਊ ‘ਚ 9 ਹਸਪਤਾਲ ਫਾਰਮੇਸੀਆਂ ਦੇ ਲਾਇਸੈਂਸ ਮੁਅੱਤਲ
ਲਖਨਊ (ਆਵਾਜ਼ਿ ਕੌਮ ਬਿਊਰੋ)- ਰਾਜਧਾਨੀ ਲਖਨਊ ਵਿੱਚ ਹਸਪਤਾਲਾਂ ਦੀਆਂ ਫਾਰਮੇਸੀਆਂ ਵਿਰੁੱਧ ਖੁਰਾਕ ਸੁਰੱਖਿਆ ਅਤੇ ਔਸ਼ਧੀ ਪ੍ਰਸ਼ਾਸਨ (FSDA) ਨੇ ਸਖ਼ਤ ਕਾਰਵਾਈ ਕਰਦਿਆਂ 9 ਹਸਪਤਾਲ ਫਾਰਮੇਸੀਆਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਦਵਾਈਆਂ ਦੇ ਖ਼ਰੀਦ ਅਤੇ ਵਿਕਰੀ ਮੁੱਲ ਦੀ ਜਾਣਕਾਰੀ ਜਨਤਕ ਨਾ ਕਰਨ ਅਤੇ ਨਿਰਧਾਰਤ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਹੇਠ ਇਹ ਕਦਮ ਚੁੱਕਿਆ ਗਿਆ ਹੈ। ਕਾਰਵਾਈ ਦੀ ਲਪੇਟ ਵਿੱਚ ਆਉਣ ਵਾਲੀਆਂ ਫਾਰਮੇਸੀਆਂ ਵਿੱਚ ਜਾਵਿੱਤਰੀ ਹਸਪਤਾਲ, ਟੈਂਡਰ ਪਾਮ, ਸ਼ਾਂਤੀ ਰਾਜ ਮੈਡੀਕਲਜ਼, ਗਲੋਬ ਮੈਡੀਕੇਅਰ ਅਤੇ ਸ਼ੇਖਰ ਹਸਪਤਾਲ ਸਮੇਤ ਕਈ ਹੋਰ ਹਸਪਤਾਲ ਸ਼ਾਮਲ ਹਨ। FSDA ਕਮਿਸ਼ਨਰ ਡਾ. ਰੋਸ਼ਨ ਜੈਕਬ ਵੱਲੋਂ 1 ਅਕਤੂਬਰ 2026 ਨੂੰ ਜਾਰੀ ਹੁਕਮਾਂ ਤਹਿਤ ਔਸ਼ਧੀ ਨਿਰੀਖਕਾਂ ਨੇ ਹਸਪਤਾਲਾਂ ਦੀਆਂ ਫਾਰਮੇਸੀਆਂ ਦੀ ਜਾਂਚ ਕੀਤੀ ਸੀ। ਜਾਂਚ ਦੌਰਾਨ ਦਵਾਈਆਂ ਦੇ ਖ਼ਰੀਦ ਮੁੱਲ, ਵਿਕਰੀ ਮੁੱਲ ਅਤੇ ਹੋਰ ਜ਼ਰੂਰੀ ਵੇਰਵੇ ਜਨਤਕ ਤੌਰ ‘ਤੇ ਪ੍ਰਦਰਸ਼ਿਤ ਨਹੀਂ ਮਿਲੇ, ਜਿਸ ਮਗਰੋਂ ਨੋਟਿਸ ਜਾਰੀ ਕਰਕੇ ਜਵਾਬ ਤੇ ਦਸਤਾਵੇਜ਼ ਮੰਗੇ ਗਏ ਸਨ। ਨਿਰਧਾਰਤ ਪ੍ਰਕਿਰਿਆ ਦੇ ਬਾਵਜੂਦ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਲਾਇਸੈਂਸ ਮੁਅੱਤਲ ਕੀਤੇ ਗਏ। ਦੂਜੇ ਪਾਸੇ, ਮੇਦਾਂਤਾ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਅਪੋਲੋਮੈਡਿਕਸ ਅਤੇ ਰੀਜੈਂਸੀ ਹਸਪਤਾਲ ਦੀਆਂ ਫਾਰਮੇਸੀਆਂ ਨੇ ਹੁਕਮਾਂ ਦੀ ਪਾਲਣਾ ਕਰਦਿਆਂ ਆਪਣੀ ਵੈੱਬਸਾਈਟ ਅਤੇ ਕਿਊ.ਆਰ. ਕੋਡ (QR Code) ਰਾਹੀਂ ਦਵਾਈਆਂ ਤੇ ਮੈਡੀਕਲ ਡਿਵਾਈਸਾਂ ਦੀ ਮੁੱਲ ਸੂਚੀ ਉਪਲਬਧ ਕਰਵਾ ਦਿੱਤੀ ਹੈ। FSDA ਦੇ ਹੁਕਮਾਂ ਅਨੁਸਾਰ, ਹਸਪਤਾਲ ਫਾਰਮੇਸੀਆਂ ਨੂੰ ਆਪਣੀ ਵੈੱਬਸਾਈਟ ‘ਤੇ ਫਾਰਮੇਸੀ ਦਾ ਨਾਮ, ਲਾਇਸੈਂਸ ਨੰਬਰ, ਲਾਇਸੈਂਸਧਾਰਕ ਦਾ ਨਾਮ, ਪਤਾ, ਨਿਯੁਕਤ ਫਾਰਮਾਸਿਸਟ ਦੇ ਵੇਰਵੇ, ਦਵਾਈਆਂ ਦੀ ਮੁੱਲ ਸੂਚੀ ਅਤੇ ਹਫ਼ਤਾਵਾਰੀ ਸਟਾਕ ਦੀ ਜਾਣਕਾਰੀ ਸਾਂਝੀ ਕਰਨੀ ਲਾਜ਼ਮੀ ਹੈ, ਨਾਲ ਹੀ ਕਾਊਂਟਰ ‘ਤੇ ਵੈੱਬਸਾਈਟ ਲਿੰਕ ਤੇ QR ਕੋਡ ਲਗਾਉਣਾ ਹੋਵੇਗਾ। ਸੂਬੇ ਦੇ 68 ਜ਼ਿਲ੍ਹਿਆਂ ਵਿੱਚ ਹੁਣ ਤੱਕ 495 ਹਸਪਤਾਲ ਫਾਰਮੇਸੀਆਂ ਦਾ ਨਿਰੀਖਣ ਕੀਤਾ ਜਾ ਚੁੱਕਾ ਹੈ ਅਤੇ ਇਹ ਵਿਸ਼ੇਸ਼ ਮੁਹਿੰਮ 4 ਦਸੰਬਰ 2026 ਤੱਕ ਜਾਰੀ ਰਹੇਗੀ। ਨਿਯਮਾਂ ਦੀ ਉਲੰਘਣਾ ਜਾਰੀ ਰਹਿਣ ‘ਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੀ ਧਾਰਾ 22(1)(ਡੀ) ਤਹਿਤ ਦਵਾਈਆਂ ਦੀ ਵਿਕਰੀ ‘ਤੇ ਰੋਕ ਵਰਗੀ ਸਖ਼ਤ ਕਾਰਵਾਈ ਵੀ ਹੋ ਸਕਦੀ ਹੈ।

