Major encounter by Amritsar Rural Police, drug and snatching network exposed
ਅਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਇਨਕਾਊਂਟਰ, ਡਰੱਗ ਤੇ ਸਨੈਚਿੰਗ ਨੈੱਟਵਰਕ ਦਾ ਪਰਦਾਫਾਸ਼

ਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਸ਼ਿਆਂ ਅਤੇ ਗੰਭੀਰ ਅਪਰਾਧਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਪੀ (ਡੀ) ਦਿਹਾਤੀ ਅਦਿੱਤਿਆ ਵਾਰੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਜਨਵਰੀ 2026 ਨੂੰ ਥਾਣਾ ਕੰਬੋ ਅਧੀਨ ਲਵਜੀਤ ਸਿੰਘ ਨਾਮਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਸੀ, ਜੋ ਤਰਨ ਤਾਰਨ ਦਾ ਰਹਿਣ ਵਾਲਾ ਹੈ। ਉਸ ਦੀ ਤਲਾਸ਼ੀ ਦੌਰਾਨ ਪੁਲਿਸ ਨੇ 60 ਗ੍ਰਾਮ ਹੈਰੋਇਨ, 90 ਹਜ਼ਾਰ ਰੁਪਏ ਡਰੱਗ ਮਨੀ ਅਤੇ ਇੱਕ ਕਰੋਲਾ ਕਾਰ ਬਰਾਮਦ ਕੀਤੀ।
ਲਵਜੀਤ ਸਿੰਘ ਤੋਂ ਕੀਤੀ ਗਈ ਡੂੰਘੀ ਪੁੱਛਗਿੱਛ ਅਤੇ ਤਕਨੀਕੀ ਜਾਂਚ ਤੋਂ ਬਾਅਦ ਦੋ ਹੋਰ ਨਾਮ ਸਾਹਮਣੇ ਆਏ। ਪਹਿਲਾ ਮਨੀ ਪ੍ਰਿੰਸ, ਜੋ ਤਰਨ ਤਾਰਨ ਦਾ ਰਹਿਣ ਵਾਲਾ ਹੈ ਅਤੇ ਦੂਜਾ ਗੁਰਪ੍ਰੀਤ ਸਿੰਘ ਉਰਫ਼ ਕ੍ਰਿਸ਼ਨਾ, ਜੋ ਜੰਡਿਆਲਾ ਗੁਰੂ ਦਾ ਨਿਵਾਸੀ ਹੈ। ਪੁਲਿਸ ਅਨੁਸਾਰ ਗੁਰਪ੍ਰੀਤ ਸਿੰਘ ਵਿਦੇਸ਼ ਰਹਿੰਦਾ ਹੈ ਅਤੇ ਲੋਕਲ ਪੱਧਰ ‘ਤੇ ਮਨੀ ਪ੍ਰਿੰਸ ਰਾਹੀਂ ਸਮਗਲਿੰਗ ਅਤੇ ਐਕਸਟੋਰਸ਼ਨ ਵਰਗੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਨੀ ਪ੍ਰਿੰਸ ਦੋ ਵੱਡੀਆਂ ਵਾਰਦਾਤਾਂ ‘ਚ ਸ਼ਾਮਲ ਰਿਹਾ ਹੈ। 30 ਦਸੰਬਰ 2025 ਨੂੰ ਅੰਮ੍ਰਿਤਸਰ ਸਿਟੀ ਦੇ ਥਾਣਾ ਸੁਲਤਾਨਵਿੰਡ ‘ਚ ਦਰਜ ਐਫਆਈਆਰ ਨੰਬਰ 26 ਤਹਿਤ ਇੱਕ ਕਾਰ ਸਨੈਚਿੰਗ ਦੀ ਵਾਰਦਾਤ, ਜਦਕਿ ਦੂਜੀ ਵਾਰਦਾਤ ਤਰਨ ਤਾਰਨ ਸਿਟੀ ‘ਚ ਦਰਜ ਐਫਆਈਆਰ ਨੰਬਰ 304 ਅਧੀਨ ਪਿਸਤੌਲ ਸਮੇਤ ਕਾਰ ਲੁੱਟਣ ਨਾਲ ਸੰਬੰਧਿਤ ਹੈ।
ਅਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਤਕਨੀਕੀ ਸੂਚਨਾ ਮਿਲੀ ਸੀ ਕਿ ਮਨੀ ਪ੍ਰਿੰਸ ਰੋਪੜ ਏਰੀਏ ‘ਚ ਘੁੰਮ ਰਿਹਾ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਹੈ। ਡੀਐਸਪੀ ਡੀ ਨਾਗਰਾ ਦੀ ਅਗਵਾਈ ‘ਚ ਨਾਕਾਬੰਦੀ ਦੌਰਾਨ ਜਦੋਂ ਪੁਲਿਸ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ‘ਤੇ ਤਿੰਨ ਗੋਲੀਆਂ ਚਲਾਈਆਂ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਦੋ ਗੋਲੀਆਂ ਚਲਾਈਆਂ ਗਈਆਂ, ਜਿਸ ‘ਚ ਮਨੀ ਪ੍ਰਿੰਸ ਜ਼ਖ਼ਮੀ ਹੋ ਗਿਆ।
ਇਨਕਾਊਂਟਰ ਮੌਕੇ ਤੋਂ ਇੱਕ ਸਿਲਵਰ ਕਰੋਲਾ ਕਾਰ ਅਤੇ ਪਿਸਤੌਲ ਬਰਾਮਦ ਕੀਤਾ ਗਿਆ ਹੈ। ਪੁਲਿਸ ਮੁਤਾਬਕ ਕਿਸੇ ਵੀ ਪੁਲਿਸ ਕਰਮੀ ਨੂੰ ਗੋਲੀ ਨਹੀਂ ਲੱਗੀ। ਜ਼ਖ਼ਮੀ ਦੋਸ਼ੀ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ
