Major incident in Punjab! Amritdhari Sikh, who had gone to dine with his family, shot outside a restaurant
ਪੰਜਾਬ ‘ਚ ਵੱਡੀ ਵਾਰਦਾਤ! ਪਰਿਵਾਰ ਨਾਲ ਖਾਣਾ ਖਾਣ ਗਏ ਅੰਮ੍ਰਿਤਧਾਰੀ ਸਿੱਖ ਨੂੰ ਰੈਸਟੋਰੈਂਟ ਬਾਹਰ ਮਾਰੀਆਂ ਗੋਲ਼ੀਆਂ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਲੁਧਿਆਣਾ ਸ਼ਹਿਰ ‘ਚ ਕਾਨੂੰਨ ਵਿਵਸਥਾ ਦੀ ਉਲੰਘਣਾ ਕਰਦੇ ਹੋਏ, ਹਥਿਆਰਬੰਦ ਬਦਮਾਸ਼ਾਂ ਨੇ ਬੁੱਧਵਾਰ ਦੇਰ ਰਾਤ ਢੋਲੇਵਾਲ ਖੇਤਰ ਵਿੱਚ ਇਕ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ। ਇਕ ਰੈਸਟੋਰੈਂਟ ਦੇ ਬਾਹਰ ਮਾਂ ਅਤੇ ਸਾਢੇ ਤਿੰਨ ਸਾਲ ਦੇ ਮਾਸੂਮ ਪੁੱਤ ਨਾਲ ਬੈਠੇ ਸਾਬਕਾ ਕਾਂਗਰਸੀ ਵਰਕਰ ਅਤੇ ਮੌਜੂਦਾ ਪ੍ਰਾਪਰਟੀ ਡੀਲਰ ‘ਤੇ 8 ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਕਾਰ ‘ਚ ਬੈਠੇ ਪਰਿਵਾਰ ਦੇ ਸਾਹਮਣੇ ਪੰਜ ਤੋਂ ਛੇ ਰਾਊਂਡ ਫਾਇਰ ਕੀਤੇ ਅਤੇ ਨੌਜਵਾਨ ‘ਤੇ ਕੁਹਾੜੀ ਅਤੇ ਪਿਸਤੌਲ ਦੇ ਬੱਟ ਨਾਲ ਬੇਰਹਿਮੀ ਨਾਲ ਹਮਲਾ ਕੀਤਾ। ਇੰਨਾ ਹੀ ਨਹੀਂ ਬੇਅਦਬੀ ਕਰਦੇ ਹੋਏ ਉਸ ਦੇ ਵਾਲ ਕੱਟ ਦਿੱਤੇ। ਪੀੜਤ ਨੇ ਸਮਝਦਾਰੀ ਵਿਖਾਉਂਦੇ ਹੋਏ ਆਪਣੀ ਕਾਰ ‘ਚ ਬੈਠ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਈ ਅਤੇ ਸਿੱਧਾ ਸਿਵਲ ਹਸਪਤਾਲ ਚਲਾ ਗਿਆ। ਮਿਲਰਗੰਜ ਦੇ ਰਹਿਣ ਵਾਲੇ ਪੀੜਤ ਜਗਜੋਤ ਸਿੰਘ ਨੇ ਦੱਸਿਆ ਕਿ ਉਹ ਬੁੱਧਵਾਰ ਦੇਰ ਰਾਤ ਆਪਣੀ ਬਜ਼ੁਰਗ ਮਾਂ ਮਨਜੀਤ ਕੌਰ ਅਤੇ ਸਾਢੇ ਤਿੰਨ ਸਾਲ ਦੇ ਪੁੱਤਰ ਨਾਲ ਢੋਲੇਵਾਲ ਦੇ “ਮੈਗੀ ਪੁਆਇੰਟ” ਰੈਸਟੋਰੈਂਟ ਵਿੱਚ ਖਾਣਾ ਖਾਣ ਗਿਆ ਸੀ। ਤਿੰਨੋਂ ਕਾਰ ਦੇ ਅੰਦਰ ਬੈਠੇ ਖਾਣਾ ਖਾ ਰਹੇ ਸਨ। ਖਾਣਾ ਖ਼ਤਮ ਕਰਨ ਤੋਂ ਬਾਅਦ ਜਗਜੋਤ ਆਪਣੇ ਪੁੱਤਰ ਲਈ ਪਾਣੀ ਦੀ ਬੋਤਲ ਲੈਣ ਅਤੇ ਖਾਣੇ ਦਾ ਬਿੱਲ ਭਰਨ ਲਈ ਕਾਰ ਤੋਂ ਬਾਹਰ ਨਿਕਲਿਆ। ਇਸ ਦੌਰਾਨ ਇਕ ਇਨੋਵਾ ਅਤੇ ਸਕਾਰਪੀਓ ਕਾਰਾਂ ‘ਚ ਸਵਾਰ 7 ਤੋਂ 8 ਹਥਿਆਰਬੰਦ ਬਦਮਾਸ਼ ਤੇਜ਼ੀ ਨਾਲ ਉਸ ਕੋਲ ਆਏ ਅਤੇ ਗੋਲ਼ੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਉਸ ‘ਤੇ ਪਹਿਲਾਂ ਦੋ ਗੋਲ਼ੀਆਂ ਚਲਾਈਆਂ, ਜਿਸ ਵਿਚ ਉਹ ਵਾਲ-ਵਾਲ ਬਚ ਗਏ ਅਤੇ ਜਾਨ ਬਚਾਉਣ ਲਈ ਤੁਰੰਤ ਕਾਰ ਦੇ ਅੰਦਰ ਚਲੇ ਗਏ। ਹਮਲਾਵਰਾਂ ਦੀ ਗੁੰਡਾਗਰਦੀ ਇਥੇ ਹੀ ਨਹੀਂ ਰੁਕੀ। ਬਦਮਾਸ਼ਾਂ ਨੇ ਕਾਰ ਨੂੰ ਘੇਰ ਲਿਆ, ਖਿੜਕੀ ਨੇੜੇ ਆ ਕੇ ਦੋ ਗੋਲ਼ੀਆਂ ਚਲਾਈਆਂ। ਜਗਜੋਤ ਦੀ ਮਾਂ ਅਤੇ ਪੁੱਤਰ ਉਸ ਸਮੇਂ ਕਾਰ ‘ਚ ਮੌਜੂਦ ਸਨ। ਪੀੜਤ ਮੁਤਾਬਕ ਜਦੋਂ ਉਨ੍ਹਾਂ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਪੱਗ ‘ਤੇ ਦਾਤਰ ਨਾਲ ਵਾਰ-ਵਾਰ ਹਮਲਾ ਕੀਤਾ ਅਤੇ ਪਿਸਤੌਲ ਦੇ ਬੱਟ ਨਾਲ ਉਨ੍ਹਾਂ ਦਾ ਸਿਰ ਭੰਨ ਦਿੱਤਾ। ਅੰਮ੍ਰਿਤਧਾਰੀ ਜਗਜੋਤ ਨੇ ਗੰਭੀਰ ਦੋਸ਼ ਲਗਾਏ ਕਿਹਾ ਕਿ ਹਮਲਾਵਰਾਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਦਾਤਰ ਨਾਲ ਉਨ੍ਹਾਂ ਦੇ ਸਿਰ ‘ਚ ਹਮਲਾ ਕਰਕੇ ਜ਼ਬਰਦਸਤੀ ਵਾਲ ਕੱਟ ਦਿੱਤੇ। ਜਗਜੋਤ ਦੇ ਸਿਰ, ਲੱਤਾਂ ਅਤੇ ਅੱਖ ਨੇੜੇ ਛੱਰਿਆਂ ਕਾਰਨ ਗੰਭੀਰ ਸੱਟਾਂ ਲੱਗੀਆਂ। ਪੁੱਤ ਨੂੰ ਬਚਾਉਣ ਆਈ ਉਨ੍ਹਾਂ ਦੀ ਮਾਂ ਮਨਜੀਤ ਕੌਰ ‘ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ। ਹਮਲਾਵਰਾਂ ਦੇ ਚੁੰਗਲ ਤੋਂ ਕਿਸੇ ਤਰ੍ਹਾਂ ਗੱਡੀ ਦੀ ਸਪੀਡ ਵਧਾ ਕੇ ਜਗਜੋਤ ਆਪਣੀ ਮਾਂ ਅਤੇ ਬੱਚੇ ਨੂੰ ਸੁਰੱਖਿਅਤ ਕੱਢਣ ਹੋਏ ਸਿੱਧੇ ਸਿਵਲ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ। ਪੀੜਤ ਦੀ ਕਾਰ ਦੀਆਂ ਖਿੜਕੀਆਂ ਅਤੇ ਉਨ੍ਹਾਂ ਦੇ ਸਰੀਰ ‘ਤੇ ਡੂੰਘੇ ਗੋਲ਼ੀਆਂ ਦੇ ਨਿਸ਼ਾਨ ਵਿਖਾਈ ਦੇ ਰਹੇ ਹਨ, ਜਦਕਿ ਕਾਰ ਦੇ ਅੰਦਰੋਂ ਹਸਪਤਾਲ ‘ਚ ਇਲਾਜ ਅਧੀਨ ਜਗਜੋਤ ਸਿੰਘ ਨੇ ਕਿਹਾ ਕਿ ਉਹ ਇਕ ਐੱਨ. ਜੀ. ਓ. ਚਲਾਉਂਦਾ ਹੈ ਅਤੇ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਹੈ। ਉਹ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ ਪਰ ਹੁਣ ਰਾਜਨੀਤੀ ਤੋਂ ਪੂਰੀ ਤਰ੍ਹਾਂ ਦੂਰ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਹਮਲਾਵਰ ਜਨਤਾ ਨਗਰ ਇਲਾਕੇ ਨਾਲ ਸੰਬੰਧਤ ਹਨ ਅਤੇ ਕਿਸੇ ਹੋਰ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਹਨ। ਪੀੜਤ ਨੇ ਦਾਅਵਾ ਕੀਤਾ ਕਿ ਹਮਲਾਵਰਾਂ ਨਾਲ ਉਸ ਦੀ ਪੁਰਾਣੀ ਚੋਣ ਅਤੇ ਰਾਜਨੀਤਿਕ ਰੰਜਿਸ਼ ਹੈ। ਲਗਭਗ ਇਕ ਸਾਲ ਪਹਿਲਾਂ ਇਨ੍ਹਾਂ ਮੁਲਜ਼ਮਾਂ ਨੇ ਹੀ ਉਨ੍ਹਾਂ ਦੇ ਘਰ ‘ਤੇ ਗੋਲ਼ੀਆਂ ਚਲਾਈਆਂ ਸਨ। ਜਗਜੋਤ ਨੇ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਦੁਸ਼ਮਣੀ ਉਨ੍ਹਾਂ ਨਾਲ ਸੀ ਪਰ ਮੁਲਜ਼ਮਾਂ ਨੇ ਕਾਰ ਵਿੱਚ ਬੈਠੀ ਬਜ਼ੁਰਗ ਮਾਂ ਅਤੇ ਮਾਸੂਮ ਬੱਚੇ ਦੀ ਜਾਨ ਦੀ ਵੀ ਪਰਵਾਹ ਨਹੀਂ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸੰਬੰਧਤ ਥਾਣਾ ਪੁਲਸ ਹਸਪਤਾਲ ਪਹੁੰਚੀ ਅਤੇ ਜ਼ਖ਼ਮੀ ਜਗਜੋਤ ਅਤੇ ਉਸ ਦੀ ਮਾਂ ਦੇ ਬਿਆਨ ਦਰਜ ਕੀਤੇ। ਪੁਲਸ ਨੇ ਨੁਕਸਾਨੀ ਗਈ ਕਾਰ ਨੂੰ ਆਪਣੇ ਜਾਂਚ ਦੇ ਦਾਇਰੇ ‘ਚ ਲੈ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਸਥਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਦੁਆਰਾ ਨਾਮਜ਼ਦ ਸ਼ੱਕੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਲੱਭ ਕੇ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।

