Major incident in Punjab over honour killing, father and son surround and kill youth
ਪੰਜਾਬ ‘ਚ ਅਣਖ ਖਾਤਰ ਵੱਡੀ ਵਾਰਦਾਤ, ਪਿਓ-ਪੁੱਤ ਨੇ ਘੇਰ ਕੇ ਨੌਜਵਾਨ ਦਾ ਕੀਤਾ ਕਤਲ
ਪਟਿਆਲਾ (ਆਵਾਜ਼ਿ ਕੌਮ ਬਿਊਰੋ)-ਥਾਣਾ ਅਰਬਨ ਅਸਟੇਟ ਅਧੀਨ ਪੈਂਦੇ ਪਿੰਡ ਚੋਰਾ ਵਿਖੇ ਲੜਕੀ ਦਾ ਪਿੱਛਾ ਕਰਨ ਦੇ ਸ਼ੱਕ ’ਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਉਰਫ ਬੱਲੀ ਵਾਸੀ ਪਿੰਡ ਚੋਰਾ ਉਮਰ 38 ਸਾਲ ਵਜੋਂ ਹੋਈ ਹੈ। ਇਸ ਮਾਮਲੇ ’ਚ ਪਰਮਜੀਤ ਸਿੰਘ (60) ਅਤੇ ਉਸ ਦੇ ਪੁੱਤਰ ਗੁਰਿੰਦਰ ਸਿੰਘ (23) ਅਤੇ ਲੜਕੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਜਿਹੜੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ ਸ਼ੱਕ ਸੀ ਕਿ ਬਲਜਿੰਦਰ ਸਿੰਘ ਉਰਫ ਬੱਲੀ ਉਨ੍ਹਾਂ ਦੀ ਲੜਕੀ ਜਿਹੜੀ ਕਿ ਪੀ. ਵੀ. ਆਰ. ਵਿਚ ਨੌਕਰੀ ਕਰਦੀ ਸੀ, ਦਾ ਪਿੱਛਾ ਕਰਦਾ ਸੀ ਅਤੇ ਛੇੜਛਾੜ ਕਰਦਾ ਸੀ। ਉਸ ਨੂੰ ਸਮਝਾਇਆ ਵੀ ਗਿਆ ਪਰ ਉਸ ਦੇ ਬਾਵਜੂਦ ਜਦੋਂ ਉਹ ਨਾ ਹਟਿਆ ਤਾਂ ਉਕਤ ਵਿਅਕਤੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਾਕੀ ਮਾਮਲੇ ਦੀ ਅਜੇ ਜਾਂਚ ਜਾਰੀ ਹੈ। ਇੰਸਪੈਕਟਰ ਗਿੱਲ ਨੇ ਦੱਸਿਆ ਕਿ ਇਸ ’ਚ ਜਿਹੜੇ ਵੀ ਨਵੇਂ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਸ਼ਾਮ ਦੇ ਸਮੇਂ ਡੀ. ਐੱਸ. ਪੀ. ਸਿਟੀ-2 ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਸ ਕਤਲ ਕੇਸ ’ਚ ਨਾਮਜ਼ਦ ਕੀਤੇ ਗਏ ਪਰਮਜੀਤ ਸਿੰਘ ਅਤੇ ਗੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਜੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਕੇਸ ’ਚ ਜਿਹੜੇ ਵੀ ਨਵੇਂ ਤੱਥ ਸਾਹਮਣੇ ਆਉਣਗੇ, ਉਨ੍ਹਾਂ ਮੁਤਾਬਕ ਅੱਗੇ ਵੀ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਸ. ਪੀ. ਵਰੁਣ ਸ਼ਰਮਾ ਅਤੇ ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਦੇ ਸਾਫ ਨਿਰਦੇਸ਼ ਹਨ ਕਿ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

