The daughter who killed her mother for a job also killed her father! The case will blow your mind
ਨੌਕਰੀ ਪਿੱਛੇ ਮਾਂ ਦਾ ਕਤਲ ਕਰਨ ਵਾਲੀ ਧੀ ਨੇ ਪਿਓ ਨੂੰ ਵੀ ਉਤਾਰਿਆ ਸੀ ਮੌਤ ਦੇ ਘਾਟ ! ਹੋਸ਼ ਉਡਾਏਗਾ ਮਾਮਲਾ
ਜੈਪੁਰ (ਆਵਾਜ਼ਿ ਕੌਮ ਬਿਊਰੋ)- ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਮਾਂ ਨੀਰਜ ਸ਼ਰਮਾ ਦੇ ਕਤਲ ਦੇ ਮਾਮਲੇ ‘ਚ ਇਕ ਨਵਾਂ ਮੋੜ ਆਇਆ ਹੈ। ਇਸ ਮਾਮਲੇ ‘ਚ ਗ੍ਰਿਫਤਾਰ ਕੀਤੀ ਗਈ ਐੱਲ.ਐੱਲ.ਬੀ. (LLB) ਅੰਤਿਮ ਸਾਲ ਦੀ ਵਿਦਿਆਰਥਣ ਆਯੂਸ਼ੀ ਸ਼ਰਮਾ ‘ਤੇ ਹੁਣ ਉਸ ਦੇ ਮਾਮੇ ਰਾਕੇਸ਼ ਸ਼ਰਮਾ ਨੇ ਆਪਣੇ ਪਿਤਾ ਵਿਜੇ ਸ਼ਰਮਾ ਦੇ ਕਤਲ ਦੇ ਗੰਭੀਰ ਇਲਜ਼ਾਮ ਲਗਾਏ ਹਨ। ਆਯੂਸ਼ੀ ਦੇ ਮਾਮੇ ਰਾਕੇਸ਼ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਅਪ੍ਰੈਲ 2025 ‘ਚ ਆਯੂਸ਼ੀ ਨੇ ਆਪਣੇ ਚਚੇਰੇ ਭਰਾ ਬਲਰਾਮ ਨਾਲ ਮਿਲ ਕੇ ਪਿਤਾ ਵਿਜੇ ਸ਼ਰਮਾ ਦਾ ਕਤਲ ਕੀਤਾ ਸੀ। ਦੋਸ਼ ਹੈ ਕਿ ਜਦੋਂ ਵਿਜੇ ਸ਼ਰਮਾ ਬੀਮਾਰ ਸੀ ਤਾਂ ਆਯੂਸ਼ੀ ਨੇ ਉਸ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਹੋਣ ਦਿੱਤਾ। ਮਾਮੇ ਅਨੁਸਾਰ, ਆਯੂਸ਼ੀ ਨੇ ਆਪਣੀ ਮਾਂ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ,”ਜਦੋਂ ਪਿਤਾ ਦੀ ਖਾਣੇ ਵਾਲੀ ਪਾਈਪ ਕੱਢ ਕੇ ਉਸ ਨੂੰ ਮਾਰ ਦਿੱਤਾ ਤਾਂ ਤੂੰ ਕੀ ਚੀਜ਼ ਹੈਂ, ਤੈਨੂੰ ਵੀ ਦੋ ਦਿਨਾਂ ‘ਚ ਖਤਮ ਕਰ ਦੇਵਾਂਗੀ।” ਇਸ ਧਮਕੀ ਤੋਂ ਬਾਅਦ ਨੀਰਜ ਸ਼ਰਮਾ ਨੇ ਆਪਣੇ ਵਟਸਐਪ ਸਟੇਟਸ ‘ਤੇ ਲਿਖਿਆ ਸੀ ਕਿ ਉਸ ਦੀ ਜ਼ਿੰਦਗੀ ਸਿਰਫ਼ 2 ਦਿਨ ਦੀ ਬਚੀ ਹੈ। ਜਾਣਕਾਰੀ ਅਨੁਸਾਰ ਵਿਜੇ ਸ਼ਰਮਾ ਰਾਜਸਥਾਨ ਹਾਈ ਕੋਰਟ ‘ਚ ਕੋਰਟ ਮਾਸਟਰ ਸੀ। ਰਾਕੇਸ਼ ਸ਼ਰਮਾ ਦਾ ਇਲਜ਼ਾਮ ਹੈ ਕਿ ਪਿਤਾ ਦੀ ਮੌਤ ਤੋਂ ਤੁਰੰਤ ਬਾਅਦ ਆਯੂਸ਼ੀ ਨੇ ਉਨ੍ਹਾਂ ਦੀ ਥਾਂ ‘ਤੇ ਤਰਸ ਦੇ ਅਧਾਰ ‘ਤੇ ਨੌਕਰੀ (ਅਨੁਕੰਪਾ ਨਿਯੁਕਤੀ) ਲਈ ਅਰਜ਼ੀ ਦੇਣ ਅਤੇ ਪਰਿਵਾਰ ਦੀ ਜਾਇਦਾਦ ਆਪਣੇ ਨਾਮ ਕਰਨ ਦੀ ਗੱਲ ਸ਼ੁਰੂ ਕਰ ਦਿੱਤੀ ਸੀ। ਇਸ ਪੂਰੇ ਮਾਮਲੇ ‘ਚ ਉਸ ਦਾ ਚਚੇਰਾ ਭਰਾ ਬਲਰਾਮ ਉਸ ਨੂੰ ਸਲਾਹਾਂ ਦਿੰਦਾ ਸੀ। ਪੁਲਸ ਪੁੱਛਗਿੱਛ ਦੌਰਾਨ ਆਯੂਸ਼ੀ ਨੇ ਦੱਸਿਆ ਕਿ ਉਸ ਦੀ ਮਾਂ ਦਾ ਸਾਰਾ ਧਿਆਨ ਉਸ ਦੇ ‘ਸਪੈਸ਼ਲ ਚਾਈਲਡ’ ਭਰਾ ਵੱਲ ਰਹਿੰਦਾ ਸੀ, ਜਿਸ ਕਾਰਨ ਉਹ ਖੁਦ ਨੂੰ ਪਰਿਵਾਰ ‘ਚ ਇਕੱਲਾ ਮਹਿਸੂਸ ਕਰਦੀ ਸੀ। ਉਸ ਨੇ ਇਹ ਵੀ ਮੰਨਿਆ ਕਿ ਉਸ ਨੂੰ ਆਪਣੀ ਮਾਂ ‘ਤੇ ਗੁੱਸਾ ਆਉਂਦਾ ਸੀ ਕਿਉਂਕਿ ਉਹ ਭਰਾ ਨੂੰ ਜ਼ਿਆਦਾ ਪਿਆਰ ਕਰਦੀ ਸੀ। ਡੀਸੀਪੀ ਰੰਜੀਤਾ ਸ਼ਰਮਾ ਨੇ ਦੱਸਿਆ ਕਿ ਆਯੂਸ਼ੀ ਕਾਨੂੰਨੀ ਜਾਣਕਾਰੀ ਰੱਖਦੀ ਹੈ ਅਤੇ ਮਾਨਸਿਕ ਤੌਰ ‘ਤੇ ਕਾਫੀ ਮਜ਼ਬੂਤ ਹੈ, ਇਸ ਲਈ ਉਸ ਤੋਂ ਪੁੱਛਗਿੱਛ ਕਰਨ ਲਈ ਮਨੋਵਿਗਿਆਨੀਆਂ ਦੀ ਮਦਦ ਲਈ ਜਾ ਰਹੀ ਹੈ। ਪੁਲਸ ਹੁਣ ਫਰਾਰ ਚਚੇਰੇ ਭਰਾ ਬਲਰਾਮ ਦੀ ਭਾਲ ਕਰ ਰਹੀ ਹੈ ਅਤੇ ਮਾਮੇ ਵੱਲੋਂ ਲਗਾਏ ਗਏ ਪਿਤਾ ਦੇ ਕਤਲ ਦੇ ਦੋਸ਼ਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

