Major operation at Toronto airport, Indian youth fleeing to Doha after defrauding millions of dollars arrested
ਟੋਰਾਂਟੋ ਏਅਰਪੋਰਟ ’ਤੇ ਵੱਡੀ ਕਾਰਵਾਈ, ਕਰੋੜਾਂ ਡਾਲਰਾਂ ਦੀ ਠੱਗੀ ਮਾਰ ਕੇ ਦੋਹਾ ਭੱਜ ਰਿਹਾ ਭਾਰਤੀ ਨੌਜਵਾਨ ਗ੍ਰਿਫ਼ਤਾਰ
ਨਿਊਯਾਰਕ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਵਿਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਕਰੋੜਾਂ ਡਾਲਰ ਦੀ ਠੱਗੀ ਦੇ ਮਾਮਲੇ ਵਿਚ ਇਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਜਰਾਤ ਦੇ ਰਹਿਣ ਵਾਲੇ ਜੈ ਸੁਨੀਲਭਾਰਤੀ ਗੋਸਵਾਮੀ (21) ਨਿਊਜਰਸੀ ਦੀ ਜਰਸੀ ਸਿਟੀ ਵਿਚ ਰਹਿ ਰਿਹਾ ਸੀ ਅਤੇ ਉਸ ਨੂੰ ਕੈਨੇਡਾ ਵਿਚ ਉਸ ਸਮੇਂ ਹਿਰਾਸਤ ’ਚ ਲਿਆ ਗਿਆ ਜਦੋਂ ਉਹ ਕਤਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਮਰੀਕੀ ਅਟਾਰਨੀ ਮਾਈਕਲ ਡਿਗਿਆਕੋਮੋ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਗੋਸਵਾਮੀ ਦੇ ਖ਼ਿਲਾਫ਼ ਸੰਚਾਰ ਮਾਧਿਅਮਾਂ ਰਾਹੀਂ ਠੱਗੀ ਕਰਨ, ਠੱਗੀ ਦੀ ਸਾਜ਼ਿਸ਼ ਰਚਣ, ਮਨੀ ਲਾਂਡਰਿੰਗ ਕਰਨ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਹਨ। ਇਨ੍ਹਾਂ ਦੋਸ਼ਾਂ ਵਿਚ ਵੱਧ ਤੋਂ ਵੱਧ 20 ਸਾਲ ਤੱਕ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ। ਗੋਸਵਾਮੀ ਨੂੰ 17 ਅਗਸਤ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਮਾਰਕ ਪੀਟਰਸਨ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਕੁਝ ਸ਼ਰਤਾਂ ਨਾਲ ਰਿਹਾਅ ਕਰ ਦਿੱਤਾ ਗਿਆ ਸੀ। ਇਸ ਤੋਂ ਅਗਲੇ ਹੀ ਦਿਨ ਉਹ ਕੈਨੇਡਾ ਚਲਾ ਗਿਆ। ਜਾਂਚ ਏਜੰਸੀਆਂ ਨੂੰ ਪਤਾ ਲੱਗਿਆ ਕਿ ਉਸ ਨੇ 18 ਅਗਸਤ ਦੀ ਸ਼ਾਮ ਟੋਰਾਂਟੋ ਤੋਂ ਕਤਰ ਦੇ ਦੋਹਾ ਲਈ ਉਡਾਣ ਦੀ ਟਿਕਟ ਖਰੀਦੀ ਸੀ। ਅਮਰੀਕਾ ਦੀ ਬੇਨਤੀ ’ਤੇ ਕੈਨੇਡਾਈ ਅਧਿਕਾਰੀਆਂ ਨੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਗੋਸਵਾਮੀ ਨੂੰ ਹਿਰਾਸਤ ਵਿਚ ਲਿਆ ਅਤੇ 20 ਅਗਸਤ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

