Man who went to inform police about a death turns out to be the killer himself! Confesses to 3 murders
ਪੁਲਸ ਨੂੰ ਮੌਤ ਦੀ ਸੂਚਨਾ ਦੇਣ ਪਹੁੰਚਿਆ ਬੰਦਾ ਖ਼ੁਦ ਹੀ ਨਿਕਲਿਆ ਕਾਤਲ ! ਕਬੂਲੇ 3 ਕਤਲ
ਅਹਿਮਦਾਬਾਦ (ਆਵਾਜ਼ਿ ਕੌਮ ਬਿਊਰੋ)-ਗੁਜਰਾਤ ਦੇ ਸੂਰਤ ਜ਼ਿਲ੍ਹੇ ‘ਚ ਆਪਣੀ ਪਤਨੀ ਦੀ ਦਾਦੀ ਦੇ ਕਤਲ ਦੀ ਜਾਣਕਾਰੀ ਪੁਲਸ ਨੂੰ ਦੇਣ ਵਾਲਾ ਵਿਅਕਤੀ ਖੁਦ ਹੀ ਇਸ ਕਤਲਕਾਂਡ ‘ਚ ਸ਼ਾਮਲ ਪਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਉਸ ਨੇ ਜਾਇਦਾਦ ਹੜੱਪਣ ਦੇ ਇਰਾਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਅਤੇ ਇਸ ਤੋਂ ਇਲਾਵਾ ਉਸ ਨੇ ਆਪਣੀ ਮਾਂ ਤੇ ਸਾਲੀ ਦਾ ਵੀ ਕਤਲ ਕੀਤਾ ਸੀ। ਪੁਲਸ ਅਨੁਸਾਰ, ਦੋਸ਼ੀ ਮਾਧਵਦਾਸ ਸਾਧੂ ਨੇ ਸ਼ੁਰੂ ‘ਚ ਪੁਲਸ ਨੂੰ ਦੱਸਿਆ ਸੀ ਕਿ ਕੋਸੰਬਾ ਵਾਸੀ ਉਸ ਦੀ ਪਤਨੀ ਉਰਮਿਲਾ ਦੀ ਦਾਦੀ ਸ਼ਾਂਤਾਬੇਨ ਵਸਾਵਾ ਦਾ ਕਰੀਬ 4-5 ਸਾਲ ਪਹਿਲਾਂ ਉਰਮਿਲਾ ਅਤੇ ਉਸ ਦੇ ਇਕ ਰਿਸ਼ਤੇ ਅਫਜ਼ਲ ਨੇ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਇਕ ਮਕਾਨ ਦੇ ਅੰਦਰ ਕੰਕ੍ਰੀਟ ਹੇਠਾਂ ਦਫਨਾ ਦਿੱਤਾ ਸੀ। ਬੁੱਧਵਾਰ ਨੂੰ ਜਾਰੀ ਪੁਲਸ ਦੇ ਬਿਆਨ ਅਨੁਸਾਰ, ਇਸ ਸੂਚਨਾ ਦੇ ਆਧਾਰ ‘ਤੇ ਕ੍ਰਾਈਮ ਬਰਾਂਚ ਦੇ ਅਧਿਕਾਰੀਆਂ ਨੇ ਅਫਜ਼ਲ ਨੂੰ ਹਿਰਾਸਤ ‘ਚ ਲੈ ਕੇ ਪੁੱਛ-ਗਿੱਛ ਕੀਤੀ। ਉਸ ਨੇ ਸ਼ਾਂਤਾਬੇਨ ਦੇ ਕਤਲ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਹਾਲਾਂਕਿ, ਜਦੋਂ ਪੁਲਸ ਨੇ ਅਫਜ਼ਲ ਦੀ ਮੌਜੂਦਗੀ ‘ਚ ਮਾਧਵਦਾਸ ਤੋਂ ਪੁੱਛਗਿੱਛ ਕੀਤੀ ਤਾਂ ਕਤਲ ਦੀ ਭਿਆਨਕ ਕਹਾਣੀ ਸਾਹਮਣੇ ਆਉਣੀ ਲੱਗੀ। ਪੁਲਸ ਦੇ ਅਨੁਸਾਰ, ਮਾਧਵਦਾਸ ਨੇ ਕਿਹਾ ਕਿ ਉਸ ਨੇ ਅਫਜ਼ਲ ਵਿਰੁੱਧ ਗਲਤ ਜਾਣਕਾਰੀ ਦਿੱਤੀ ਕਿਉਂਕਿ ਉਸ ਨੂੰ ਡਰ ਸੀ ਕਿ ਕਰੀਬ 9 ਮਹੀਨੇ ਪਹਿਲਾਂ ਆਪਣਏ ਬੇਟੇ ਨਾਲ ਘਰ ਛੱਡ ਕੇ ਗਈ ਉਸ ਦੀ ਪਤਨੀ ਅਫਜ਼ਲ ਉਸ ਨੂੰ ਕਿਸੇ ਮਾਮਲੇ ‘ਚ ਫਸਾ ਸਕਦੇ ਹਨ। ਉਸ ਦੀ ਪਤਨੀ ਘਰੋਂ ਕੀਮਤੀ ਸਾਮਾਨ ਵੀ ਲੈ ਗਈ ਸੀ। ਬਿਆਨ ਅਨੁਸਾਰ, ਇਸ ਤੋਂ ਬਾਅਦ ਉਸ ਨੇ ਉਰਮਿਲਾ ਨਾਲ ਮਿਲ ਕੇ ਆਪਣੀ ਦਾਦੀ ਸੱਸ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ। ਬਿਆਨ ‘ਚ ਕਿਹਾ ਗਿਆ ਹੈ, “ਮਾਧਵਦਾਸ ਨੇ ਦੱਸਿਆ ਕਿ 7 ਅਕਤੂਬਰ 2022 ਦੀ ਰਾਤ ਉਸ ਨੇ ਅਤੇ ਉਰਮਿਲਾ ਨੇ ਸੌਂਦੇ ਸਮੇਂ ਸ਼ਾਂਤਾਬੇਨ ਵਸਾਵਾ ਦਾ ਸਿਰਹਾਣੇ ਨਾਲ ਦਮ ਘੁੱਟ ਕੇ ਮਾਰ ਦਿੱਤਾ। ਫਿਰ ਉਨ੍ਹਾਂ ਨੇ ਲਾਸ਼ ਨੂੰ ਇਕ ਡਰੱਮ ‘ਚ ਰੱਖਿਆ ਅਤੇ ਉਸ ‘ਚ ਪਾਣੀ ‘ਚ ਮਿਲਾ ਕੇ ਸੀਮੈਂਟ ਦੀਆਂ ਤਿੰਨ ਬੋਰੀਆਂ ਪਾ ਦਿੱਤੀਆਂ। ਉਨ੍ਹਾਂ ਨੇ ਡਰੱਮ ਨੂੰ ਸੀਲ ਕਰ ਦਿੱਤਾ ਅਤੇ ਇਸ ਨੂੰ ਘਰ ਦੇ ਅੰਦਰ ਰੱਖਿਆ।” ਇਸ ‘ਚ ਕਿਹਾ ਗਿਆ ਹੈ ਕਿ ਲਗਭਗ ਸਾਢੇ ਤਿੰਨ ਮਹੀਨੇ ਬਾਅਦ, ਜੋੜੇ ਨੇ ਡਰੱਮ ਨੂੰ ਕੱਟ ਦਿੱਤਾ ਅਤੇ ਲਾਸ਼ ਅਤੇ ਸੀਮਿੰਟ ਨੂੰ ਘਰ ਦੇ ਵਿਹੜੇ ‘ਚ ਪੁੱਟੇ ਗਏ ਇਕ ਟੋਏ ‘ਚ ਦਫਨਾ ਦਿੱਤਾ। ਪੁਲਸ ਦੇ ਅਨੁਸਾਰ, ਮਾਧਵਦਾਸ ਨੇ ਰਿਸ਼ਤੇਦਾਰਾਂ ਨੂੰ ਸ਼ਾਂਤਾਬੇਨ ਦੀ ਮੌਤ ਬਾਰੇ ਵੱਖ-ਵੱਖ ਗੱਲਾਂ ਦੱਸੀਆਂ। ਉਸ ਨੇ ਆਪਣੀ ਪਤਨੀ ਦੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਸ਼ਾਂਤਾਬੇਨ ਦੀ ਮੌਤ ਵਲਥਾਰਾ ‘ਚ ਕੋਵਿਡ-19 ਨਾਲ ਹੋਈ ਹੈ, ਜਦੋਂ ਕਿ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਉਸ ਦੀ ਮੌਤ ਕੋਸੰਬਾ ‘ਚ ਹੋਈ ਸੀ। ਪੁਲਸ ਨੇ ਕਿਹਾ ਕਿ ਸ਼ਾਂਤਾਬੇਨ ਦਾ ਕਤਲ ਉਸ ਦੀ ਜਾਇਦਾਦ ਹੜੱਪਣ ਦੇ ਇਰਾਦੇ ਨਾਲ ਕੀਤਾ ਗਿਆ ਸੀ। ਮਾਧਵਦਾਸ ਨੇ ਉਰਮਿਲਾ ਦੇ ਨਾਲ ਮਿਲ ਕੇ 2022 ‘ਚ ਆਪਣੀ 65 ਸਾਲਾ ਮਾਂ ਦਾ ਵੀ ਕਥਿਤ ਤੌਰ ‘ਤੇ ਕਤਲ ਕਰ ਦਿੱਤਾ ਸੀ।ਬਿਆਨ ‘ਚ ਕਿਹਾ ਗਿਆ ਹੈ, “ਮਾਧਵਦਾਸ ਸਾਧੂ ਦੀ ਮਾਂ ਮੰਜੂਲਾਬੇਨ ਸਾਧੂ 2021 ‘ਚ ਅਧਰੰਗ ਦਾ ਸ਼ਿਕਾਰ ਹੋਈ ਸੀ ਅਤੇ ਉਸ ਦੇ ਸਰੀਰ ਦੇ ਕੁਝ ਹਿੱਸਿਆਂ ‘ਤੇ ਜ਼ਖ਼ਮ ਹੋਣ ਕਾਰਨ ਉਹ ਬਿਸਤਰੇ ‘ਤੇ ਸੀ। ਜੋੜੇ ਨੇ ਕਥਿਤ ਤੌਰ ‘ਤੇ ਸਿਰਹਾਣੇ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਉਸ ਦੀ ਮੌਤ ਅਧਰੰਗ ਨਾਲ ਹੋਈ ਹੈ। ਫਿਰ ਉਸ ਦਾ ਸਸਕਾਰ ਢੋਲਕਾ ਦੇ ਚਕਲੀ ਤਾਲਾਬ ਸ਼ਮਸ਼ਾਨਘਾਟ ‘ਚ ਕੀਤਾ ਗਿਆ।” ਮਾਧਵਦਾਸ ਦੇ ਅਨੁਸਾਰ, ਉਸ ਨੇ ਆਪਣੀ ਪਤਨੀ ਨਾਲ ਮਿਲ ਕੇ ਉਸ ਦੀ ਭੈਣ, ਭਾਰਤੀ ਉਰਫ਼ ਭਗਵਤੀ ਦਾ ਵੀ ਕਥਿਤ ਤੌਰ ‘ਤੇ ਕਤਲ ਕਰ ਦਿੱਤਾ। ਉਸ ਦਾ ਵਿਆਹ ਕਮਲੇਸ਼ ਵਸਾਵਾ ਨਾਲ ਹੋਇਆ ਸੀ ਅਤੇ ਉਹ ਕੋਸੰਬਾ ‘ਚ ਸ਼ਾਂਤਾਬੇਨ ਨਾਲ ਰਹਿੰਦੀ ਸੀ। ਬਿਆਨ ਅਨੁਸਾਰ,”ਕਮਲੇਸ਼ ਨੇ ਕਥਿਤ ਤੌਰ ‘ਤੇ ਆਪਣੇ ਜੱਦੀ ਪਿੰਡ ‘ਚ ਖੁਦਕੁਸ਼ੀ ਕਰ ਲਈ ਸੀ, ਅਤੇ ਭਾਰਤੀ ਆਪਣੀ ਦਾਦੀ ਸ਼ਾਂਤਾਬੇਨ ਨਾਲ ਰਹਿੰਦੀ ਰਹੀ। ਬਾਅਦ ‘ਚ ਉਸ ਨੂੰ ਗੰਭੀਰ ਟੀਬੀ ਹੋ ਗਈ।” ਇਸ ‘ਚ ਕਿਹਾ ਗਿਆ ਹੈ ਕਿ 25 ਫਰਵਰੀ, 2022 ਦੀ ਰਾਤ ਨੂੰ, ਜੋੜੇ ਨੇ ਕਥਿਤ ਤੌਰ ‘ਤੇ ਭਾਰਤੀ ਦਾ ਸਿਰਹਾਣੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ ‘ਚ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਉਸ ਦੀ ਮੌਤ ਟੀਬੀ ਨਾਲ ਹੋਈ ਹੈ। ਪੁਲਸ ਦੇ ਅਨੁਸਾਰ, ਲਾਸ਼ ਨੂੰ ਕੋਸੰਬਾ ‘ਚ ਦਫ਼ਨਾ ਦਿੱਤਾ ਗਿਆ। ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਕਿ ਕੀ ਉਰਮਿਲਾ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲਸ ਨੇ ਕਿਹਾ ਕਿ ਮਾਮਲੇ ‘ਚ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਹੋਰ ਜਾਂਚ ਜਾਰੀ ਹੈ।

