“Martyr Bhai Hardeep Singh Nijjar and Deep Sidhu Remembered at Gurdwara Guru Nanak Darbar in Montreal, Canada”

ਜਿਹੜੀ ਕੌਮ ਨੇ ਆਪਣਾ ਰਾਜ ਮਾਣਿਆ ਹੋਵੇ ਤਾਂ ਉਨ੍ਹਾਂ ਅੰਦਰੋਂ ਰਾਜ ਮਾਨਣ ਦੀ ਭਾਵਨਾ ਨਹੀਂ ਕੱਢੀ ਜਾ ਸਕਦੀ: ਗੁਪੇਸ਼ ਸਿੰਘ 

ਨਵੀਂ ਦਿੱਲੀ 16 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦ ਭਾਈ ਹਰਦੀਪ ਸਿੰਘ ਨਿਝਰ ਅਤੇ ਸਿੱਖ ਪੰਥ ਨੂੰ ਹਲੂਣਾ ਦੇਣ ਵਾਲੇ ਦੀਪ ਸਿੱਧੂ ਦੀ ਬਰਸੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਮੌਂਟਰੀਆਲ ਕੈਨੇਡਾ ਵਿਖ਼ੇ ਮਨਾਈ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਜਸਵਿੰਦਰ ਸਿੰਘ ਨੇ ਸੰਗਤਾਂ ਨੂੰ ਸੰਬੋਧਿਤ ਹੁੰਦਿਆਂ ਭਾਈ ਨਿਝਰ ਅਤੇ ਦੀਪ ਸਿੱਧੂ ਦੇ ਜੀਵਨ ਅਤੇ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੱਤੀ । ਜਿਕਰਯੋਗ ਹੈ ਕਿ ਦੀਪ ਸਿੱਧੂ ਦੀ ਦੋ ਸਾਲ ਪਹਿਲਾਂ ਕੇ.ਐਮ.ਪੀ. ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਭਾਈ ਨਿਝਰ ਨੂੰ ਸਰੀ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ । ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਵੱਡਾ ਇਲਜ਼ਾਮ ਲਾਉਂਦੇ ਕਿਹਾ ਦੀਪ ਸਿੱਧੂ ਅਤੇ ਭਾਈ ਨਿਝਰ ਦਾ ਕਤਲ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਹੈ । ਉਨ੍ਹਾਂ ਨੇ ਵੱਡਾ ਦੋਸ਼ ਲਾਉਂਦਿਆਂ ਕਿਹਾ, ਕਰੀਬ ਡੇਢ ਤੋਂ ਦੋ ਸਾਲ ਦੇ ਸਿਆਸੀ ਸਫ਼ਰ ਵਿੱਚ ਦੀਪ ਸਿੱਧੂ ਨੇ ਸਰਕਾਰ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਸੀ ਓਥੇ ਹੀ ਭਾਈ ਨਿਝਰ ਪਹਿਲਾਂ ਤੋਂ ਹੀ ਪੰਥਕ ਸੇਵਾਵਾਂ ਕਰਕੇ ਸਰਕਾਰ ਲਈ ਇਨਾਮੀ ਲੋੜਵੰਦ ਸਨ । ਇਸੇ ਲਈ ਦੀਪ ਸਿੱਧੂ ਦਾ ਕਤਲ ਕਰਕੇ ਹਾਦਸੇ ਦਾ ਰੂਪ ਦਿੱਤਾ ਗਿਆ ਤੇ ਭਾਈ ਨਿਝਰ ਨੂੰ ਭਾੜੇ ਦੇ ਕਾਤਲਾਂ ਕੋਲੋਂ ਕਤਲ ਕਰਵਾਇਆ ਗਿਆ ਸੀ । ਉਨ੍ਹਾਂ ਭਾਈ ਨਿਝਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਓਹ ਕਹਿੰਦੇ ਸਨ ਸਾਡੀ ਲੜਾਈ ਫ਼ਸਲ ਨੂੰ ਬਚਾਉਣ ਦੀ ਨਹੀਂ ਸਗੋਂ ਨਸਲ ਬਚਾਉਣ ਦੀ ਹੈ। ਜਿਹੜੀ ਕੌਮ ਨੇ ਆਪਣਾ ਰਾਜ ਮਾਣਿਆ ਹੋਵੇ ਤਾਂ ਉਨ੍ਹਾਂ ਅੰਦਰੋਂ ਰਾਜ ਮਾਨਣ ਦੀ ਭਾਵਨਾ ਨਹੀਂ ਕੱਢੀ ਜਾ ਸਕਦੀ। ਅਸੀਂ ਆਪਣੀ ਸਟੇਟਹੁੱਡ ਨੂੰ ਮਾਣਿਆ ਹੋਇਆ ਹੈ ਤੇ ਜੇ ਅਸੀਂ ਆਪਣੇ ਰਾਜ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਕੀ ਸਮੱਸਿਆ ਹੈ। ਉਨ੍ਹਾਂ ਨੇ ਸੰਗਤਾਂ ਨੂੰ ਅਮਰੀਕਾ ਦੇ ਲੋਸ ਐਂਜਲਿਸ (ਐਲ.ਏ) ਵਿਖ਼ੇ 23 ਮਾਰਚ ਨੂੰ ਪੈਣ ਵਾਲੀਆਂ ਰੈਫਰੰਡਮ ਦੀਆਂ ਵੋਟਾਂ ਅੰਦਰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ।