
ਮਰਨ ਵਰਤ ‘ਤੇ ਬੈਠੇ ਭਾਈ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਪੰਜਾਬ ਬੰਦ ਦਾ ਸੱਦਾ ਸਫਲ ਬਣਾਉਣ ਲਈ ਫਿਰੋਜ਼ਪੁਰ ‘ਚ ਵਿਸ਼ਾਲ ਧਰਨਾ
ਭਾਈ ਜਗਜੀਤ ਸਿੰਘ ਡੱਲੇਵਾਲ, ਜੋ ਪਿਛਲੇ 35 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹਨ, ਦੀ ਹੱਕੀ ਮੰਗਾਂ ਦੇ ਸਮਰਥਨ ਵਿੱਚ ਅੱਜ ਫਿਰੋਜ਼ਪੁਰ ਦੇ ਮਮਦੋਟ ਟੀ ਪੁਆਇੰਟ ‘ਤੇ ਵਿਸ਼ਾਲ ਧਰਨਾ ਲਗਾਇਆ ਗਿਆ। ਇਸ ਧਰਨੇ ਵਿੱਚ ਇੰਟਰਨੈਸ਼ਨਲ ਪੰਥਕ ਦਲ ਧਾਰਮਿਕ ਵਿੰਗ ਦੇ ਪੰਜਾਬ ਪ੍ਰਧਾਨ ਬਾਬਾ ਸਤਨਾਮ ਸਿੰਘ ਵੱਲੀਆਂ ਨੇ ਕਿਸਾਨ ਬਚਾਓ ਮੋਰਚਾ ਵੱਲੋਂ ਹਾਜ਼ਰੀ ਲਗਾਈ। ਉਨ੍ਹਾਂ ਦੇ ਨਾਲ ਕਿਸਾਨ ਆਗੂ ਜਸਵੀਰ ਸਿੰਘ ਜੱਸਾ ਮਾਛੀਵਾੜਾ, ਪਿੰਡ ਵੱਲੀਆਂ ਦੇ ਸਰਪੰਚ ਜਗਸੀਰ ਸਿੰਘ, ਫੁੱਮਣ ਸਿੰਘ, ਸ਼ਿੰਦਰਪਾਲ ਸਿੰਘ ਅਤੇ ਸਰਬਜੀਤ ਸਿੰਘ ਵੀ ਹਾਜ਼ਰ ਰਹੇ।
ਬਾਬਾ ਸਤਨਾਮ ਸਿੰਘ ਵੱਲੀਆਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ‘ਤੇ ਲੱਗੇ ਧਰਨਿਆਂ ਦਾ ਦੌਰਾ ਕੀਤਾ ਅਤੇ ਡੋਰ-ਟੂ-ਡੋਰ ਜਾ ਕੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕਰਦਿਆਂ ਪੰਜਾਬ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ।