Mastermind of Kulgam attack killed! LeT commander Latif Butt neutralized in an encounter
ਮਾਰਿਆ ਗਿਆ ਕੁਲਗਾਮ ਹਮਲੇ ਦਾ ਮਾਸਟਰਮਾਈਂਡ ! LeT ਕਮਾਂਡਰ ਲਤੀਫ਼ ਭੱਟ ਐਨਕਾਊਂਟਰ ‘ਚ ਢੇਰ
ਸ਼੍ਰੀਨਗਰ (ਆਵਾਜ਼ਿ ਕੌਮ ਬਿਊਰੋ)-ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਬੁੱਧਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ (LeT) ਦਾ ਮੁੱਖ ਅੱਤਵਾਦੀ ਲਤੀਫ਼ ਭੱਟ ਮਾਰਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਭੱਟ ਇਕ ਹੋਰ ਅੱਤਵਾਦੀ ਉਮਰ ਨਿਸਾਰ ਡਾਰ ਦੇ ਨਾਲ 11 ਨਵੰਬਰ ਨੂੰ ਕੁਲਗਾਮ ‘ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਦੇ ਜਵਾਨਾਂ ‘ਤੇ ਹੋਏ ਹਮਲੇ ‘ਚ ਸ਼ਾਮਲ ਸੀ, ਜਿਸ ‘ਚ ਅਰਧ ਸੈਨਿਕ ਫ਼ੋਰਸ ਦੇ 3 ਜਵਾਨ ਜ਼ਖਮੀ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲਾ ਬੁੱਧਵਾਰ ਸਵੇਰੇ ਸ਼ੁਰੂ ਹੋਇਆ। 2 ਦਿਨ ਪਹਿਲਾਂ ਸੋਮਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਲਾਰੂ ਬਾਈਪਾਸ ਖੇਤਰ ‘ਚ ਸੁਰੱਖਿਆ ਫ਼ੋਰਸਾਂ ਨਾਲ ਹੋਏ ਮੁਕਾਬਲੇ ‘ਚ ਨਿਸਾਰ ਡਾਰ ਮਾਰਿਆ ਗਿਆ ਸੀ। ਭੱਟ ਸੋਮਵਾਰ ਨੂੰ ਮੁਕਾਬਲੇ ਵਾਲੀ ਥਾਂ ਤੋਂ ਫਰਾਰ ਹੋ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਖਾਸ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਦੱਖਣੀ ਕਸ਼ਮੀਰ ਦੇ ਦੇਵਸਰ ਖੇਤਰ ਦੇ ਜੰਗਲਪੋਰਾ ਪਿੰਡ ‘ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜੋ ਪਹਿਲਾਂ ਹੋਏ ਮੁਕਾਬਲੇ ਵਾਲੀ ਥਾਂ ਤੋਂ ਥੋੜ੍ਹੀ ਦੂਰੀ ‘ਤੇ ਸਥਿਤ ਸੀ।

