Mehta Headquarters: The historical center of Damdami Taksal’s Panthic heritage and service
*ਮਹਿਤਾ ਹੈੱਡਕੁਆਰਟਰ: ਦਮਦਮੀ ਟਕਸਾਲ ਦੀ ਪੰਥਕ ਵਿਰਾਸਤ ਤੇ ਸੇਵਾ ਦਾ ਇਤਿਹਾਸਕ ਕੇਂਦਰ *24 ਅਗਸਤ 1969 ਨੂੰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਰੱਖਿਆ ਸੀ ਨੀਂਹ ਪੱਥਰ
ਮਹਿਤਾ (ਅੰਮ੍ਰਿਤਸਰ) (ਆਵਾਜ਼ਿ ਕੌਮ ਬਿਊਰੋ)- ਦਮਦਮੀ ਟਕਸਾਲ ਦੇ ਇਤਿਹਾਸਕ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਮਹਿਤਾ ਦਾ ਨੀਂਹ ਪੱਥਰ 24 ਅਗਸਤ 1969 ਨੂੰ ਦਮਦਮੀ ਟਕਸਾਲ ਦੇ 13ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਆਪਣੇ ਕਰ-ਕਮਲਾਂ ਨਾਲ ਰੱਖਿਆ ਸੀ। ਇਹ ਇਤਿਹਾਸਕ ਅਸਥਾਨ ਅੱਜ ਦਮਦਮੀ ਟਕਸਾਲ ਦੀਆਂ ਧਾਰਮਿਕ, ਵਿਦਿਅਕ, ਗੁਰਮਤਿ ਪ੍ਰਚਾਰ ਅਤੇ ਪੰਥਕ ਸਰਗਰਮੀਆਂ ਦਾ ਪ੍ਰਮੁੱਖ ਕੇਂਦਰ ਬਣਿਆ ਹੋਇਆ ਹੈ ਅਤੇ ਸਿੱਖ ਇਤਿਹਾਸ ਵਿੱਚ ਇਸ ਦਾ ਵਿਸ਼ੇਸ਼ ਤੇ ਮਹੱਤਵਪੂਰਨ ਸਥਾਨ ਹੈ।
ਇਸੇ ਇਤਿਹਾਸਕ ਹੈੱਡਕੁਆਰਟਰ ਤੋਂ ਦਮਦਮੀ ਟਕਸਾਲ ਦੇ ਚੌਦ੍ਹਵੇਂ ਜੱਥੇਦਾਰ, ਕਹਿਣੀ ਅਤੇ ਕਰਨੀ ਦੇ ਪੂਰੇ, ਸੱਚਖੰਡ ਵਾਸੀ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਦੇ ਧਾਰਮਿਕ ਹੱਕਾਂ, ਪੰਥਕ ਮਸਲਿਆਂ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਧਰਮ ਯੁੱਧ ਮੋਰਚੇ ਦੀ ਅਗਵਾਈ ਕੀਤੀ। ਸਿੱਖ ਪੰਥ ਦੀ ਚੜ੍ਹਦੀ ਕਲਾ, ਗੁਰਮਤਿ ਦੀ ਰਾਖੀ ਅਤੇ ਕੌਮੀ ਹੱਕਾਂ ਲਈ ਉਨ੍ਹਾਂ ਵੱਲੋਂ ਕੀਤੀ ਗਈ ਮਹਾਨ ਕੁਰਬਾਨੀ ਸਿੱਖ ਇਤਿਹਾਸ ਦਾ ਇੱਕ ਅਹਿਮ ਤੇ ਯਾਦਗਾਰੀ ਅਧਿਆਇ ਹੈ। ਉਨ੍ਹਾਂ ਦੀ ਸ਼ਹਾਦਤ ਨੇ ਇਸ ਇਤਿਹਾਸਕ ਅਸਥਾਨ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਪੰਥਕ ਇਤਿਹਾਸ ਵਿੱਚ ਹੋਰ ਵੀ ਵਿਸ਼ੇਸ਼ ਸਥਾਨ ਪ੍ਰਦਾਨ ਕੀਤਾ।
ਇਸ ਤੋਂ ਬਾਅਦ ਦਮਦਮੀ ਟਕਸਾਲ ਦੇ ਪੰਦਰਵੇਂ ਮੁਖੀ, ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਇਸ ਇਤਿਹਾਸਕ ਹੈੱਡਕੁਆਰਟਰ ਤੋਂ ਲੰਮਾ ਸਮਾਂ ਗੁਰਮਤਿ ਪ੍ਰਚਾਰ, ਗੁਰਬਾਣੀ ਦੀ ਸਿੱਖਿਆ, ਸਿੱਖੀ ਦੇ ਪ੍ਰਸਾਰ ਅਤੇ ਸੰਗਤਾਂ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕੀਤਾ। ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਸਾਦਗੀ, ਨਿਮਰਤਾ, ਸੇਵਾ ਅਤੇ ਗੁਰਮਤਿ ਨੂੰ ਸਮਰਪਿਤ ਜੀਵਨ ਸਿੱਖ ਸੰਗਤਾਂ ਲਈ ਪ੍ਰੇਰਣਾ ਦਾ ਸਰੋਤ ਰਿਹਾ ਹੈ। ਉਨ੍ਹਾਂ ਵੱਲੋਂ ਨਿਭਾਈਆਂ ਪੰਥਕ ਅਤੇ ਧਾਰਮਿਕ ਸੇਵਾਵਾਂ ਦੀ ਯਾਦ ਅੱਜ ਵੀ ਸੰਗਤਾਂ ਦੇ ਹਿਰਦਿਆਂ ਵਿੱਚ ਵਸਦੀ ਹੈ।
ਮੌਜੂਦਾ ਸਮੇਂ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵੀ ਇਸੇ ਇਤਿਹਾਸਕ ਹੈੱਡਕੁਆਰਟਰ ਤੋਂ ਗੁਰਮਤਿ ਦੇ ਪ੍ਰਚਾਰ-ਪ੍ਰਸਾਰ, ਗੁਰਬਾਣੀ ਦੀ ਸਿੱਖਿਆ ਅਤੇ ਸਿੱਖ ਸੰਗਤਾਂ ਨੂੰ ਸਿੱਖੀ ਨਾਲ ਜੋੜਨ ਲਈ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਦਮਦਮੀ ਟਕਸਾਲ ਵੱਲੋਂ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਸੇਵਾ ਦੇ ਖੇਤਰ ਵਿੱਚ ਵੱਖ-ਵੱਖ ਕਾਰਜ ਨਿਰੰਤਰ ਜਾਰੀ ਹਨ।
ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਮਹਿਤਾ ਦਾ ਇਹ ਹੈੱਡਕੁਆਰਟਰ ਕੇਵਲ ਇੱਕ ਇਮਾਰਤ ਜਾਂ ਸੰਸਥਾ ਦਾ ਕੇਂਦਰ ਨਹੀਂ, ਸਗੋਂ ਦਮਦਮੀ ਟਕਸਾਲ ਦੀ ਗੁਰਮਤਿ ਪਰੰਪਰਾ, ਗੁਰਬਾਣੀ ਪ੍ਰਚਾਰ, ਪੰਥਕ ਸੇਵਾ ਅਤੇ ਸਿੱਖੀ ਦੇ ਪ੍ਰਸਾਰ ਦੀ ਜੀਵੰਤ ਵਿਰਾਸਤ ਦਾ ਪ੍ਰਤੀਕ ਹੈ। ਇੱਥੋਂ ਸੰਤ ਮਹਾਂਪੁਰਖਾਂ ਨੇ ਸਿੱਖ ਕੌਮ ਨੂੰ ਗੁਰਬਾਣੀ, ਗੁਰਮਤਿ ਅਤੇ ਸਿੱਖੀ ਦੇ ਸਿਧਾਂਤਾਂ ਨਾਲ ਜੋੜਨ ਲਈ ਆਪਣਾ ਜੀਵਨ ਅਰਪਣ ਕੀਤਾ।
24 ਅਗਸਤ 1969 ਨੂੰ ਰੱਖਿਆ ਗਿਆ ਇਹ ਨੀਂਹ ਪੱਥਰ ਦਮਦਮੀ ਟਕਸਾਲ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਸ ਇਤਿਹਾਸਕ ਅਸਥਾਨ ਨਾਲ ਜੁੜੇ ਸੰਤ ਮਹਾਂਪੁਰਖਾਂ ਦੀਆਂ ਸੇਵਾਵਾਂ, ਪੰਥਕ ਯੋਗਦਾਨ ਅਤੇ ਕੁਰਬਾਨੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੀਆਂ ਰਹਿਣਗੀਆਂ। ਇਹ ਹੈੱਡਕੁਆਰਟਰ ਅੱਜ ਵੀ ਗੁਰਮਤਿ ਦੀ ਰੌਸ਼ਨੀ, ਸੇਵਾ ਦੀ ਭਾਵਨਾ ਅਤੇ ਸਿੱਖੀ ਦੀ ਚੜ੍ਹਦੀ ਕਲਾ ਦਾ ਸੁਨੇਹਾ ਸੰਗਤਾਂ ਤੱਕ ਪਹੁੰਚਾ ਰਿਹਾ ਹੈ।

