Menace of a stray dog in Bhawanigarh city; 13 people targeted within a few hours
ਭਵਾਨੀਗੜ੍ਹ ਸ਼ਹਿਰ ‘ਚ ਅਵਾਰਾ ਕੁੱਤੇ ਦਾ ਕਹਿਰ, ਕੁਝ ਘੰਟਿਆਂ ‘ਚ 13 ਵਿਅਕਤੀਆਂ ਨੂੰ ਬਣਾਇਆ ਸ਼ਿਕਾਰ
ਭਵਾਨੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸਥਾਨਕ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਪੁਰਾਣੀ ਸਬਜ਼ੀ ਮੰਡੀ ਡਾਕਘਰ ਨੇੜੇ ਤੋਂ ਗਊਸ਼ਾਲਾ ਚੌਂਕ ਤੱਕ ਅੱਜ ਸਵੇਰ ਤੋਂ ਇੱਕ ਅਵਾਰਾ ਕੁੱਤੇ ਵੱਲੋਂ ਕਈ ਵਿਅਕਤੀਆਂ ਨੂੰ ਵੱਡ ਕੇ ਆਪਣਾਂ ਸ਼ਿਕਾਰ ਬਣਾਇਆ ਗਿਆ। ਜਿਸ ਕਾਰਨ ਬਾਜ਼ਾਰ ਵਿੱਚ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਵਿਖੇ ਇਲਾਜ ਕਰਾਉਣ ਲਈ ਪਹੁੰਚੇ ਲੋਕਾਂ ਨੇ ਦੱਸਿਆ ਕਿ ਅੱਜ ਜਦੋਂ ਉਹ ਮੇਨ ਬਾਜ਼ਾਰ ਵਿੱਚ ਕੋਈ ਸਮਾਨ ਦੀ ਖਰੀਦਦਾਰੀ ਕਰਨ ਲਈ ਗਏ ਸਨ ਤਾਂ ਇੱਥੇ ਘੁੰਮ ਰਹੇ ਇੱਕ ਅਵਾਰਾ ਕੁੱਤੇ ਵੱਲੋਂ ਲਗਾਤਾਰ ਲੋਕਾਂ ਨੂੰ ਵੱਡਿਆ ਜਾ ਰਿਹਾ ਸੀ। ਜਿਸ ਤੋਂ ਬਚਾਅ ਲਈ ਲੋਕ ਇਧਰ ਉੱਧਰ ਭੱਜਦੇ ਵੀ ਦੇਖੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾਕਟਰ ਚਰਨਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਸਵੇਰ ਤੋਂ ਜੀ ਕੁੱਤੇ ਵੱਲੋਂ ਕੱਟੇ ਗਏ ਮਰੀਜ਼ ਆ ਰਹੇ ਹਨ ਹੁਣ ਤੱਕ ਕੁੱਲ 13 ਮਰੀਜ਼ ਆ ਗਏ ਹਨ ਜਿਨ੍ਹਾਂ ਦਾ ਲੋੜ ਮੁਤਾਬਿਕ ਟਰੀਟਮੈਂਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਮਰੀਜ਼ਾਂ ਲਈ ਪੂਰਾ ਪ੍ਰਬੰਧ ਹੈ। ਸ਼ਹਿਰ ਨਿਵਾਸੀਆਂ ਨੇ ਰੋਸ ਜਾਹਿਰ ਕੀਤਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਕੁੱਤਿਆਂ ਵੱਲੋਂ ਕੱਟਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਸ਼ਹਿਰ ਦੇ ਮੇਨ ਬਾਜ਼ਾਰ ਸਮੇਤ ਵੱਖ-ਵੱਖ ਗਲੀ ਮਹੱਲਿਆਂ ਦੇ ਵਿੱਚ ਵੱਡੀ ਗਿਣਤੀ ਵਿੱਚ ਅਵਾਰਾ ਕੁੱਤੇ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਮੇਨ ਬਾਜ਼ਾਰ ਦੇ ਵਿੱਚ ਇੱਕ ਹਲਕੇ ਹੋਏ ਅਵਾਰਾ ਕੁੱਤੇ ਵੱਲੋਂ ਦਰਜ਼ਨ ਤੋਂ ਵੱਧ ਵਿਅਕਤੀਆਂ ਨੂੰ ਕੱਟ ਕੇ ਜਖਮੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਅਤੇ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਵਾਰਾ ਕੁੱਤਿਆਂ ਦਾ ਹੱਲ ਕਰਨ ਲਈ ਹੁਕਮ ਦੇਣ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਜਿਸ ਦਾ ਖਮਿਆਜਾ ਆਮ ਲੋਕ ਭੁਗਤ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਘੁੰਮ ਰਹੇ ਅਵਾਰਾ ਕੁੱਤਿਆਂ ਦਾ ਤੁਰੰਤ ਹੱਲ ਕੀਤਾ ਜਾਵੇ।

