Military airstrike on Buddhist monastery in Myanmar; 14 people meditating killed
ਮਿਆਂਮਾਰ ‘ਚ ਬੋਧੀ ਮੱਠ ‘ਤੇ ਫੌਜੀ ਹਵਾਈ ਹਮਲਾ; ਮੈਡੀਟੇਸ਼ਨ ਕਰ ਰਹੇ 14 ਲੋਕਾਂ ਦੀ ਮੌਤ
Mianmaar, (ਆਵਾਜ਼ਿ ਕੌਮ ਬਿਊਰੋ)-ਮਿਆਂਮਾਰ ਦੇ ਕੇਂਦਰੀ ਸਗਾਇੰਗ ਇਲਾਕੇ ਵਿੱਚ ਸਥਿਤ ਇੱਕ ਬੋਧੀ ਮੱਠ ‘ਤੇ ਮਿਆਂਮਾਰ ਦੀ ਫੌਜ ਵੱਲੋਂ ਕੀਤੇ ਗਏ ਭਿਆਨਕ ਹਵਾਈ ਹਮਲੇ ਵਿੱਚ 14 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਲੋਕ ਮੱਠ ਦੇ ਅੰਦਰ ਚੱਲ ਰਹੇ ਇੱਕ ਹਫ਼ਤੇ ਦੇ ਮੈਡੀਟੇਸ਼ਨ (ਧਿਆਨ) ਕੈਂਪ ਵਿੱਚ ਹਿੱਸਾ ਲੈ ਰਹੇ ਸਨ। ਇਸ ਅਚਾਨਕ ਹੋਏ ਹਮਲੇ ਵਿੱਚ 20 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਹਮਲਾ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਤੋਂ ਲਗਭਗ 75 ਕਿਲੋਮੀਟਰ ਪੱਛਮ ਵੱਲ ਸਥਿਤ ਮਿਆਂਗ ਟਾਊਨਸ਼ਿਪ ਦੇ ਸਵੈਲ ਲੇ ਓਹ ਪਿੰਡ ਵਿੱਚ ਹੋਇਆ। ਇੱਕ ਸਥਾਨਕ ਨਿਵਾਸੀ ਅਤੇ ਵਿਰੋਧੀ ਧਿਰ ਦੇ ਸਮੂਹ ਨੇ ਦੱਸਿਆ ਕਿ ਸੈਨਾ ਦੇ ਇੱਕ ਫਾਈਟਰ ਜੈੱਟ ਨੇ 15 ਮਿੰਟਾਂ ਦੇ ਅੰਤਰਾਲ ‘ਤੇ ਦੋ ਬੰਬ ਸੁੱਟੇ। ਦੂਜੇ ਬੰਬ ਦੀ ਲਪੇਟ ਵਿੱਚ ਆਉਣ ਕਾਰਨ ਮੱਠ ਦੇ ਨੇੜੇ ਸਥਿਤ ਇੱਕ ਘਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਹਮਲੇ ਦੇ ਸਮੇਂ ਮੱਠ ਦੇ ਅੰਦਰ ਲਗਭਗ 100 ਤੋਂ ਵੱਧ ਸ਼ਰਧਾਲੂ ਮੌਜੂਦ ਸਨ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਮਿਆਂਮਾਰ ਵਿੱਚ ਫਰਵਰੀ 2021 ਵਿੱਚ ਸੈਨਾ ਵੱਲੋਂ ਆਂਗ ਸਾਨ ਸੂ ਕੀ ਦੀ ਲੋਕਤੰਤਰ ਸਮਰਥਕ ਚੁਣੀ ਹੋਈ ਸਰਕਾਰ ਦਾ ਤਖ਼ਤਾਪਲਟ ਕਰਨ ਤੋਂ ਬਾਅਦ ਦੇਸ਼ ਵਿੱਚ ਗ੍ਰਹਿ ਯੁੱਧ ਵਰਗੀ ਸਥਿਤੀ ਬਣੀ ਹੋਈ ਹੈ। ਸੈਨਿਕ ਸ਼ਾਸਨ ਦਾ ਵਿਰੋਧ ਕਰਨ ਵਾਲੇ ਲੋਕਾਂ ਨੇ ਹਥਿਆਰ ਚੁੱਕ ਲਏ ਹਨ, ਜਿਸ ਕਾਰਨ ਫੌਜ ਵੱਲੋਂ ਬਾਗੀਆਂ ਦਾ ਮੁਕਾਬਲਾ ਕਰਨ ਲਈ ਲਗਾਤਾਰ ਹਵਾਈ ਹਮਲਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇਨ੍ਹਾਂ ਹਮਲਿਆਂ ਵਿੱਚ ਅਕਸਰ ਆਮ ਨਾਗਰਿਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਹਾਲਾਂਕਿ ਫੌਜ ਨੇ ਇਸ ਤਾਜ਼ਾ ਹਮਲੇ ‘ਤੇ ਕੋਈ ਸਿੱਧੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਉਹ ਪਹਿਲਾਂ ਵੀ ਅਜਿਹੇ ਹਮਲਿਆਂ ਨੂੰ ਅੱਤਵਾਦ-ਵਿਰੋਧੀ ਮੁਹਿੰਮਾਂ ਅਤੇ ਸੁਰੱਖਿਆ ਨਿਯਮਾਂ ਦੇ ਤਹਿਤ ਜਾਇਜ਼ ਠਹਿਰਾਉਂਦੀ ਰਹੀ ਹੈ।

