Moosewala’s song ‘Phantom’ released without permission; parents warn of legal action
ਬਿਨਾਂ ਇਜਾਜ਼ਤ ਰਿਲੀਜ਼ ਹੋਇਆ ਮੂਸੇਵਾਲਾ ਦਾ ਗਾਣਾ ‘Phantom’, ਮਾਪਿਆਂ ਨੇ ਦੇ’ਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ, ਬਲਕੌਰ ਸਿੰਘ ਅਤੇ ਚਰਨ ਕੌਰ ਨੇ ‘ਸਾਗਾ ਮਿਊਜ਼ਿਕ’ ਦੁਆਰਾ ਉਨ੍ਹਾਂ ਦੇ ਗੀਤ ‘ਫੈਂਟਮ’ ਨੂੰ ਰਿਲੀਜ਼ ਕਰਨ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਮਿਊਜ਼ਿਕ ਲੇਬਲ ਨੇ ਉਨ੍ਹਾਂ ਦੀ ਇਜਾਜ਼ਤ ਜਾਂ ਅਧਿਕਾਰਤ ਮਨਜ਼ੂਰੀ ਤੋਂ ਬਿਨਾਂ ਹੀ ਇਸ ਗੀਤ ਨੂੰ ਰਿਲੀਜ਼ ਕਰ ਦਿੱਤਾ ਹੈ। ਇੱਕ ਬਿਆਨ ਵਿੱਚ, ਗਾਇਕ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਰਿਲੀਜ਼ ਨੂੰ ਰੋਕਣ ਅਤੇ ਮਸਲੇ ਦੇ ਹੱਲ ਲਈ ਗੱਲਬਾਤ ਕਰਨ ਦੀ ਬੇਨਤੀ ਦੇ ਬਾਵਜੂਦ, ‘ਸਾਗਾ ਮਿਊਜ਼ਿਕ’ ਨੇ ਗੀਤ ਰਿਲੀਜ਼ ਕਰ ਦਿੱਤਾ। ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਲੇਬਲ ਨੇ ਉਨ੍ਹਾਂ ਤੋਂ ਰਿਲੀਜ਼ ਲਈ ਕੋਈ ਜਾਇਜ਼ ਦਸਤਾਵੇਜ਼ੀ ਮਨਜ਼ੂਰੀ ਨਹੀਂ ਲਈ ਸੀ। ਬਿਆਨ ਵਿੱਚ ਕਿਹਾ ਗਿਆ ਹੈ, “ਸਿੱਧੂ ਮੂਸੇਵਾਲਾ ਦਾ ਗੀਤ ‘ਫੈਂਟਮ’ ਸਾਡੀ ਇਜਾਜ਼ਤ ਜਾਂ ਅਧਿਕਾਰਤ ਮਨਜ਼ੂਰੀ ਤੋਂ ਬਿਨਾਂ ‘ਸਾਗਾ ਮਿਊਜ਼ਿਕ’ ਦੁਆਰਾ ਰਿਲੀਜ਼ ਕੀਤਾ ਜਾ ਰਿਹਾ ਹੈ। ਰਿਲੀਜ਼ ਨੂੰ ਰੋਕਣ ਅਤੇ ਹੱਲ ਕੱਢਣ ਲਈ ਗੱਲਬਾਤ ਕਰਨ ਦੀ ਸਾਡੀ ਬੇਨਤੀ ਦੇ ਬਾਵਜੂਦ, ‘ਸਾਗਾ ਮਿਊਜ਼ਿਕ’ ਨੇ ਸਾਡੇ ਵੱਲੋਂ ਦਿੱਤੇ ਗਏ ਕਿਸੇ ਜਾਇਜ਼ ਦਸਤਾਵੇਜ਼ ਤੋਂ ਬਿਨਾਂ ਹੀ ਇਸ ਨੂੰ ਰਿਲੀਜ਼ ਕਰ ਦਿੱਤਾ। ਅਸੀਂ ਸਿੱਧੂ ਮੂਸੇਵਾਲਾ ਦੀ ਵਿਰਾਸਤ ਅਤੇ ਉਸਦੇ ਅਧਿਕਾਰਾਂ ਦੀ ਰਾਖੀ ਲਈ ਢੁਕਵੀਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਰਹੇ ਹਾਂ।” ਉਨ੍ਹਾਂ ਨੇ ਹੋਰ ਕਲਾਕਾਰਾਂ ਅਤੇ ਮਿਊਜ਼ਿਕ ਲੇਬਲਾਂ ਲਈ ਵੀ ਇੱਕ ਸੰਦੇਸ਼ ਜਾਰੀ ਕੀਤਾ ਹੈ, ਜੋ ਸਿੱਧੂ ਮੂਸੇਵਾਲਾ ਦੇ ਗੀਤਾਂ ਨਾਲ ਸਬੰਧਤ ਦਸਤਾਵੇਜ਼ ਜਾਂ ਅਧਿਕਾਰ ਹੋਣ ਦਾ ਦਾਅਵਾ ਕਰਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਜਨਤਕ ਐਲਾਨ ਕਰਨ ਜਾਂ ਉਨ੍ਹਾਂ ਦਾ ਸੰਗੀਤ ਰਿਲੀਜ਼ ਕਰਨ ਤੋਂ ਪਹਿਲਾਂ ਪਰਿਵਾਰ ਨਾਲ ਸਲਾਹ-ਮਸ਼ਵਰਾ ਜ਼ਰੂਰ ਕੀਤਾ ਜਾਵੇ। ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਗਾਇਕ ਦੀਆਂ ਸੰਗੀਤਕ ਰਚਨਾਵਾਂ ਨਾਲ ਸਬੰਧਤ ਸਾਰੇ ਮਾਮਲਿਆਂ ਬਾਰੇ ਸਿੱਧਾ ਪਰਿਵਾਰ ਨਾਲ ਹੀ ਗੱਲਬਾਤ ਕੀਤੀ ਜਾਵੇ।

