“Pay 3 crore rupees, or else…!” Ludhiana property dealer receives death threat over the phone
3 ਕਰੋੜ ਰੁਪਏ ਦਿਓ ਨਹੀਂ ਤਾਂ…! ਲੁਧਿਆਣੇ ਦੇ ਪ੍ਰਾਪਰਟੀ ਡੀਲਰ ਨੂੰ ਫੋਨ ‘ਤੇ ਮਿਲੀ ਜਾਨੋਂ ਮਾਰਨ ਦੀ ਧਮਕੀ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿਚ ਇਕ ਵਾਰ ਫਿਰ ਤੋਂ ਅਪਰਾਧ ਅਤੇ ਜਬਰਨ ਵਸੂਲੀ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹੁੰਦੇ ਹੋਏ ਦਿਖਾਈ ਦੇ ਰਹੇ ਹਨ। ਜਿਥੇ ਸ਼ਹਿਰ ਦੇ ਮਸ਼ਹੂਰ ਪ੍ਰਾਪਰਟੀ ਡੀਲਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਫੋਨ ਕਰਕੇ ਜਾਨੋ ਮਾਰਨ ਦੀ ਧਮਕੀ ਦੇਣ ਅਤੇ 3 ਕਰੋੜ ਰੁਪਏ ਦੀ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਦੇ 3 ਕਰੋੜ ਰੁਪਏ ਨਾ ਦੇਣ ‘ਤੇ ਕਾਰੋਬਾਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਪ੍ਰਾਪਰਟੀ ਡੀਲਰ ਦੀ ਪਛਾਣ ਦੀਪਕ ਗੁਪਤਾ ਵਜੋਂ ਹੋਈ ਹੈ, ਜੋ ਨਿਊ ਸ਼ਿਵਾਜੀ ਨਗਰ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਕਾਰੋਬਾਰੀ ਨੂੰ ਦਿੱਤੀ ਗਈ ਇਸ ਧਮਕੀ ਨਾਲ ਪੂਰੇ ਕਾਰੋਬਾਰੀ ਭਾਈਚਾਰੇ ਦੇ ਲੋਕਾਂ ਵਿਚ ਦਹਿਸ਼ਤ ਅਤੇ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। ਪੀੜਤ ਪ੍ਰਾਪਰਟੀ ਡੀਲਰ ਨੇ ਇਸ ਘਟਨਾ ਦੀ ਸ਼ਿਕਾਇਤ ਕਰਨ ਲਈ ਤੁਰੰਤ ਸਥਾਨਕ ਪੁਲਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਅਤੇ ਸਾਰੀ ਗੱਲਬਾਤ ਦੱਸੀ। ਕਾਰੋਬਾਰੀ ਦੀ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪੁਲਸ ਸਟੇਸ਼ਨ ਡਿਵੀਜ਼ਨ ਨੰਬਰ 3 ਵਿਖੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

