‘Muslim youths should not come to Garba alone; [they should bring] their sisters and daughters too…’ – MLA Sharma’s controversial statement
‘ਗਰਬੇ ’ਚ ਇਕੱਲੇ ਨਾ ਆਉਣ ਮੁਸਲਿਮ ਨੌਜਵਾਨ, ਭੈਣ-ਬੇਟੀਆਂ ਨੂੰ ਵੀ…’, MLA ਸ਼ਰਮਾ ਦਾ ਵਿਵਾਦਪੂਰਨ ਬਿਆਨ
ਭੋਪਾਲ (ਆਵਾਜ਼ਿ ਕੌਮ ਬਿਊਰੋ)-ਮੱਧ ਪ੍ਰਦੇਸ਼ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਰਾਮੇਸ਼ਵਰ ਸ਼ਰਮਾ ਦੀ ਗਰਬਾ ਤਿਉਹਾਰਾਂ ਵਿਚ ਮੁਸਲਮਾਨਾਂ ਦੇ ਦਾਖਲੇ ਨੂੰ ਲੈ ਕੇ ਕੀਤੀ ਗਈ ਟਿੱਪਣੀ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਨੇ ਸ਼ਰਮਾ ਦੀ ਟਿੱਪਣੀ ਦੀ ਆਲੋਚਨਾ ਕੀਤੀ ਹੈ। ਭੋਪਾਲ ਦੀ ਹੁਜ਼ੂਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਸ਼ਰਮਾ ਨੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਸਲਿਮ ਨੌਜਵਾਨ ਗਰਬਾ ਵਿਚ ਇਕੱਲੇ ਕਿਉਂ ਆਉਂਦੇ ਹਨ? ਉਨ੍ਹਾਂ ਨੂੰ ਆਪਣੀਆਂ ਭੈਣ-ਬੇਟੀਆਂ ਨੂੰ ਵੀ ਨਾਲ ਲਿਆਉਣਾ ਚਾਹੀਦਾ ਹੈ। ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਮੁਸਲਿਮ ਗਰਬਾ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਹ ਆ ਸਕਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਗਰਬਾ ਵਿਚ ‘ਜੈ ਸ਼੍ਰੀ ਰਾਮ’ ਦਾ ਨਾਅਰਾ ਲਗਾਉਣਾ ਪਵੇਗਾ ਅਤੇ ਮੱਥੇ ’ਤੇ ਤਿਲਕ ਲਗਾਉਣਾ ਹੋਵੇਗਾ। ਸ਼ਰਮਾ ਨੇ ਕਿਹਾ ਕਿ ਇਸ ਨਾਲ ਕਿਸੇ ਨੂੰ ਪ੍ਰੇਸ਼ਾਨੀ ਨਹੀਂ ਹੋਵੇਗੀ। ਇਕੱਲੇ ਮੁੰਡੇ ਹੀ ਕਿਉਂ ਆਉਣਾ ਚਾਹੁੰਦੇ ਹਨ। ਘਰੋਂ ਆਪਣੀਆਂ ਭੈਣ-ਬੇਟੀਆਂ ਨੂੰ ਵੀ ਨਾਲ ਲੈ ਕੇ ਆਉਣ। ਕਾਂਗਰਸ ਦੇ ਸੀਨੀਅਰ ਨੇਤਾ ਆਰਿਫ਼ ਮਸੂਦ ਨੇ ਸ਼ਰਮਾ ਦੀ ਟਿੱਪਣੀ ਨੂੰ ‘ਬਹੁਤ ਹੀ ਇਤਰਾਜ਼ਯੋਗ’ ਦੱਸਦਿਆਂ ਉਨ੍ਹਾਂ ਤੋਂ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਮਸੂਦ ਨੇ ਕਿਹਾ ਕਿ ਪਹਿਲੀ ਗੱਲ ਤਾਂ ਗਰਬੇ ਨਾਲ ਮੁਸਲਮਾਨਾਂ ਦਾ ਕੋਈ ਸਬੰਧ ਨਹੀਂ ਹੈ। ਨਾ ਉਨ੍ਹਾਂ ਦਾ ਕੋਈ ਲੈਣਾ-ਦੇਣਾ ਹੈ। ਦੂਜੀ ਗੱਲ, ਜਿਸ ਭਾਸ਼ਾ ਦੀ ਵਰਤੋਂ ਰਾਮੇਸ਼ਵਰ ਸ਼ਰਮਾ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ਕਹਾਂਗਾ ਕਿ ਸੁਧਰ ਜਾਣ। ਬਦਤਮੀਜ਼ੀ ਨਾ ਕਰਨ। ਅੱਤ ਹੋ ਰਹੀ ਹੈ। ਉਨ੍ਹਾਂ ਸ਼ਰਮਾ ’ਤੇ ਫਿਰਕੂ ਜਨੂੰਨ ਫੈਲਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਭਾਜਪਾ ਵਿਧਾਇਕ ਜ਼ਿਆਦਾਤਰ ਨਫ਼ਰਤ ਦੀ ਗੱਲ ਕਰਦੇ ਹਨ।

