Naib Singh Saini immediately backed out of sharing the stage with Punar Surjit
ਨਾਇਬ ਸਿੰਘ ਸੈਣੀ ਨੇ ਐਨ ਮੌਕੇ ‘ਤੇ ਪੁਨਰ ਸੁਰਜੀਤ ਨਾਲ ਸਟੇਜ ਸਾਂਝੀ ਕਰਨ ਤੋਂ ਪੈਰ ਖਿੱਚੇ ਪਛਾਂਹ
ਸੰਗਰੂਰ (ਆਵਾਜ਼ਿ ਕੌਮ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਐਨ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਸਟੇਜ ਸਾਂਝੀ ਕਰਨ ਦਾ ਪ੍ਰੋਗਰਾਮ ਰੱਦ ਹੋ ਗਿਆ ਹੈ। ਅਚਾਨਕ ਰੱਦ ਹੋਏ ਇਸ ਪ੍ਰੋਗਰਾਮ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਥੇ ਦੱਸ ਦਈਏ ਕਿ ਸੈਣੀ ਨੇ ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਦੇ ਸਮਾਗਮ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਰੈਲੀ ’ਚ ਸ਼ਿਰਕਤ ਕਰਨੀ ਸੀ। ਪਾਰਟੀ ਦੇ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਬੀਤੇ ਦਿਨੀਂ ਭਾਜਪਾ ਦੀ ਹੋਈ ਅਹਿਮ ਮੀਟਿੰਗ ਵਿਚ ਬਕਾਇਦਾ ਇਸ ਮਾਮਲੇ ਨੂੰ ਲੈ ਕੇ ਚਰਚਾ ਵੀ ਹੋਈ ਅਤੇ ਇਸ ਮੀਟਿੰਗ ਮਗਰੋਂ ਹੀ ਸੈਣੀ ਨੇ ਰੈਲੀ ਤੋਂ ਪੈਰ ਪਛਾਂਹ ਖਿੱਚੇ ਹਨ। ਉਂਝ ਸਿਆਸੀ ਮਾਹਿਰਾਂ ਦਾ ਇਹ ਵੀ ਆਖਣਾ ਹੈ ਕਿ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਮੁੜ ਗਠਜੋੜ ਦੇ ਚਰਚੇ ਤੇਜ਼ ਹੋ ਗਏ ਹਨ, ਸੈਣੀ ਵੱਲੋਂ ਪੁਨਰਜੀਤ ਦੀ ਰੈਲੀ ਵਿਚ ਸਟੇਜ ਸਾਂਝੀ ਨਾ ਕਰਨ ਦਾ ਵੀ ਇਹੋ ਕਾਰਣ ਮੰਨਿਆ ਜਾ ਰਿਹਾ ਹੈ। ਖਬਰਾਂ ਇਹ ਵੀ ਸਨ ਕਿ ਬੀਤੇ ਦਿਨੀਂ ਮੁੱਖ ਮੰਤਰੀ ਹਰਿਆਣਾ ਦੀ ਸੁਰੱਖਿਆ ਟੀਮ ਦਾ ਦਸਤਾ ਬਕਾਇਦਾ ਲੌਂਗੋਵਾਲ ਪੁੱਜਿਆ ਅਤੇ ਦੋ ਥਾਵਾਂ ’ਤੇ ਹੈਲੀਪੈਡ ਲਈ ਜਗ੍ਹਾ ਵੀ ਵੇਖੀ ਗਈ ਪਰ ਐਨ ਮੌਕੇ ‘ਤੇ ਜਾ ਕੇ ਅਚਾਨਕ ਸੈਣੀ ਦਾ ਇਹ ਪ੍ਰੋਗਰਾਮ ਰੱਦ ਹੋ ਗਿਆ।

