Nepal-Tibet flood disaster: Hundreds missing, including 34 Australians
ਨੇਪਾਲ-ਤਿੱਬਤ ਹੜ੍ਹ ਤਬਾਹੀ: 34 ਆਸਟ੍ਰੇਲੀਆਈ ਨਾਗਰਿਕਾਂ ਸਮੇਤ ਸੈਂਕੜੇ ਲਾਪਤਾ
ਮੈਲਬੌਰਨ (ਆਵਾਜ਼ਿ ਕੌਮ ਬਿਊਰੋ)-ਨੇਪਾਲ ਅਤੇ ਤਿੱਬਤ ਦੇ ਸਰਹੱਦੀ ਖੇਤਰ ਵਿੱਚ ਹਿਮਾਲਿਆ ਦਾ ਇੱਕ ਗਲੇਸ਼ੀਅਰ ਟੁੱਟਣ ਕਾਰਨ ਆਏ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਵੱਡੀ ਤਬਾਹੀ ਹੋਈ ਹੈ। ਇਸ ਕੁਦਰਤੀ ਆਫ਼ਤ ਵਿੱਚ ਘੱਟੋ-ਘੱਟ 162 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸੈਂਕੜੇ ਲੋਕ ਅਜੇ ਵੀ ਲਾਪਤਾ ਹਨ। ਸੈਟੇਲਾਈਟ ਤਸਵੀਰਾਂ ਅਤੇ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਹਾੜ ਤੋਂ ਆਏ ਬਰਫ਼, ਪੱਥਰਾਂ ਅਤੇ ਮਲਬੇ ਦੇ ਤੇਜ਼ ਬਹਾਅ ਨੇ ਰਸਤੇ ਵਿੱਚ ਆਉਂਦੇ ਕਈ ਪੂਰੇ ਦੇ ਪੂਰੇ ਪਿੰਡਾਂ, ਬਾਜ਼ਾਰਾਂ ਅਤੇ ਪੁਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਸ ਤਬਾਹੀ ਵਿੱਚ ਲਾਪਤਾ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਚੀਨੀ ਅਧਿਕਾਰੀਆਂ ਅਨੁਸਾਰ ਤਿੱਬਤ ਖੇਤਰ ਵਿੱਚ ਹੀ ਸੈਂਕੜੇ ਲੋਕ ਲਾਪਤਾ ਹਨ, ਜਿਨ੍ਹਾਂ ‘ਚ ਵੱਡੀ ਗਿਣਤੀ ਵਿਦੇਸ਼ੀ ਨਾਗਰਿਕਾਂ ਦੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਅਤੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪੁਸ਼ਟੀ ਕੀਤੀ ਹੈ ਕਿ ਵੱਖ-ਵੱਖ ਟੂਰ ਏਜੰਸੀਆਂ ਰਾਹੀਂ ਪਹਾੜੀ ਪੈਦਲ ਯਾਤਰਾ ਅਤੇ ਧਾਰਮਿਕ ਯਾਤਰਾ ‘ਤੇ ਗਏ ਘੱਟੋ-ਘੱਟ 34 ਆਸਟ੍ਰੇਲੀਆਈ ਨਾਗਰਿਕ ਵੀ ਲਾਪਤਾ ਹਨ। ਆਸਟ੍ਰੇਲੀਆਈ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਜਾਣਕਾਰੀ ਲਈ ਐਮਰਜੈਂਸੀ ਹੈਲਪਲਾਈਨ ਨੰਬਰ (+61 2 6261 3305) ਨਾਲ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਪ੍ਰਭਾਵਿਤ ਖੇਤਰਾਂ ਵਿੱਚ ਸੜਕੀ ਰਸਤੇ ਪੂਰੀ ਤਰ੍ਹਾਂ ਨਸ਼ਟ ਹੋ ਜਾਣ ਕਰਕੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਹੈਲੀਕਾਪਟਰਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਏ ਜਾ ਰਹੇ ਹੈ। ਰੈੱਡ ਕਰਾਸ ਅਤੇ ਹੋਰ ਰਾਹਤ ਏਜੰਸੀਆਂ ਮੁਤਾਬਕ ਪੀੜਤਾਂ ਤੱਕ ਭੋਜਨ, ਸਾਫ਼ ਪਾਣੀ, ਅਸਥਾਈ ਛੱਤ ਅਤੇ ਡਾਕਟਰੀ ਸਹਾਇਤਾ ਪਹੁੰਚਾਉਣਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਦੀ ਦੇ ਉੱਪਰਲੇ ਹਿੱਸੇ ਵਿੱਚ ਅਜੇ ਵੀ ਮਲਬਾ ਫਸਿਆ ਹੋਣ ਕਾਰਨ ਦੂਜੀ ਵਾਰ ਹੜ੍ਹ ਆਉਣ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ।

