New system for counting offerings in Ram temple, SBI employs retired army bank employees for duty
ਰਾਮ ਮੰਦਰ ’ਚ ਚੜ੍ਹਾਵੇ ਦੀ ਗਿਣਤੀ ਲਈ ਨਵੀਂ ਵਿਵਸਥਾ, SBI ਨੇ ਫ਼ੌਜ ਦੇ ਰਿਟਾਇਰਡ ਬੈਂਕ ਮੁਲਾਜ਼ਮਾਂ ਦੀ ਲਾਈ ਡਿਊਟੀ
ਅਯੁੱਧਿਆ (ਆਵਾਜ਼ਿ ਕੌਮ ਬਿਊਰੋ)-ਰਾਮ ਮੰਦਰ ’ਚ ਚੜ੍ਹਾਵੇ ਦੀ ਗਿਣਤੀ ਅਤੇ ਉਸ ਦੇ ਬੈਂਕ ’ਚ ਜਮ੍ਹਾ ਹੋਣ ਦੀ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਅਤੇ ਸੁਰੱਖਿਅਤ ਬਣਾਉਣ ਲਈ ਨਵੀਂ ਵਿਵਸਥਾ ਲਾਗੂ ਕੀਤੀ ਗਈ ਹੈ। ਚੜ੍ਹਾਵਾ ਚੋਰੀ ਦੇ ਮਾਮਲੇ ’ਚ ਐੱਸ. ਆਈ. ਟੀ. ਦੀ ਜਾਂਚ ਵਿਚਾਲੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਫ਼ੌਜ ਦੇ 10 ਰਿਟਾਇਰਡ ਬੈਂਕ ਮੁਲਾਜ਼ਮਾਂ ਦੀ ਡਿਊਟੀ ਲਾਉਣ ਦਾ ਫੈਸਲਾ ਕੀਤਾ ਹੈ। ਇਹ ਕਰਮਚਾਰੀ ਚੜ੍ਹਾਵੇ ਦੀ ਗਿਣਤੀ ਅਤੇ ਸਬੰਧਤ ਬੈਂਕਿੰਗ ਪ੍ਰਕਿਰਿਆ ਦੀ ਨਿਗਰਾਨੀ ’ਚ ਸਹਿਯੋਗ ਕਰਨਗੇ। ਰਾਮ ਮੰਦਰ ’ਚ ਚੜ੍ਹਾਵੇ ਨੂੰ ਲੈ ਕੇ ਸਾਹਮਣੇ ਆਏ ਵਿਵਾਦ ਤੋਂ ਬਾਅਦ ਪ੍ਰਬੰਧਾਂ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਸਨ। ਐੱਸ. ਓ. ਪੀ. ਦੀ ਪਾਲਣਾ ’ਚ ਹੁਣ ਬੈਂਕ ਪ੍ਰਬੰਧਨ ਨੇ ਇਸ ਵਾਰ ਸੇਵਾਮੁਕਤ ਬੈਂਕ ਮੁਲਾਜ਼ਮਾਂ ਨੂੰ ਜ਼ਿੰਮੇਵਾਰੀ ਦੇਣ ਦੀ ਵਿਵਸਥਾ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਫ਼ੌਜ ਦੇ ਤਜਰਬੇਕਾਰ ਬੈਂਕ ਮੁਲਾਜ਼ਮਾਂ ਦੀ ਤਾਇਨਾਤੀ ਨਾਲ ਨਕਦੀ ਦੀ ਗਿਣਤੀ, ਮਿਲਾਨ ਅਤੇ ਜਮ੍ਹਾ ਕਰਨ ਦੀ ਪ੍ਰਕਿਰਿਆ ’ਚ ਪਾਰਦਰਸ਼ਤਾ ਵਧੇਗੀ। ਇਸ ਤੋਂ ਪਹਿਲਾਂ ਮੰਦਰ ’ਚ ਚੜ੍ਹਾਵੇ ਦੀ ਗਿਣਤੀ 2 ਸ਼ਿਫਟਾਂ ’ਚ ਹੁੰਦੀ ਸੀ। ਪਹਿਲੀ ਸ਼ਿਫਟ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਦੂਜੀ ਦੁਪਹਿਰ 2 ਵਜੇ ਤੋਂ ਰਾਤ 9 ਵਜੇ ਤੱਕ ਚੱਲਦੀ ਸੀ। ਨਵੀਂ ਵਿਵਸਥਾ ਤਹਿਤ ਪ੍ਰਕਿਰਿਆ ਨੂੰ ਵਧੇਰੇ ਵਿਵਸਥਿਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਐੱਸ. ਆਈ. ਟੀ. ਵੀ ਰਾਮ ਮੰਦਰ ’ਚ ਚੜ੍ਹਾਵੇ ਨਾਲ ਜੁੜੀਆਂ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਵਿਵਸਥਾਵਾਂ ’ਚ ਸੁਧਾਰ ਅਤੇ ਜ਼ਿੰਮੇਵਾਰੀਆਂ ਨੂੰ ਵਧੇਰੇ ਸਪੱਸ਼ਟ ਕਰਨ ਦੀ ਲੋੜ ਜਾਂਚ ਦੌਰਾਨ ਨਕਦੀ ਅਤੇ ਚੜ੍ਹਾਵੇ ਨਾਲ ਸਬੰਧਤ ਕਈ ਮਾਮਲਿਆਂ ਦੀ ਪੜਤਾਲ ਕੀਤੀ ਗਈ ਹੈ। ਐੱਸ. ਆਈ. ਟੀ. ਨੇ ਆਪਣੀ ਮੁਢਲੀ ਜਾਂਚ ’ਚ ਪ੍ਰਬੰਧਾਂ ’ਚ ਸੁਧਾਰ ਅਤੇ ਜ਼ਿੰਮੇਵਾਰੀਆਂ ਨੂੰ ਵਧੇਰੇ ਸਪੱਸ਼ਟ ਕਰਨ ਦੀ ਲੋੜ ਦੱਸੀ ਹੈ। ਇਸ ਤੋਂ ਬਾਅਦ ਮੰਦਰ ਟਰੱਸਟ ਅਤੇ ਬੈਂਕ ਪੱਧਰ ’ਤੇ ਪ੍ਰਬੰਧਾਂ ’ਚ ਬਦਲਾਅ ਕੀਤੇ ਜਾ ਰਹੇ ਹਨ। ਨਵੀਂ ਵਿਵਸਥਾ ਦਾ ਮਕਸਦ ਚੜ੍ਹਾਵੇ ਦੀ ਗਿਣਤੀ ਤੋਂ ਲੈ ਕੇ ਬੈਂਕ ’ਚ ਜਮ੍ਹਾ ਹੋਣ ਤੱਕ ਹਰ ਪੜਾਅ ’ਚ ਨਿਗਰਾਨੀ ਮਜ਼ਬੂਤ ਕਰਨਾ ਹੈ, ਤਾਂ ਜੋ ਭਵਿੱਖ ’ਚ ਕਿਸੇ ਤਰ੍ਹਾਂ ਦੀ ਘਪਲੇ ਦੇ ਖਦਸ਼ੇ ਨੂੰ ਘੱਟ ਕੀਤਾ ਜਾ ਸਕੇ।

