NIA visits Panjwar village in Punjab; investigation lasts several hours
ਪੰਜਾਬ ਦੇ ਪਿੰਡ ਪੰਜਵੜ ‘ਚ ਐੱਨ. ਆਈ. ਏ. ਦੀ ਦਸਤਕ, ਕਈ ਘੰਟਿਆਂ ਤੱਕ ਚੱਲੀ ਜਾਂਚ
ਤਰਨਤਾਰਨ (ਆਵਾਜ਼ਿ ਕੌਮ ਬਿਊਰੋ)-ਬੀਤੇ ਅਪ੍ਰੈਲ ਮਹੀਨੇ ਵਿਚ ਸ਼ੰਭੂ ਰੇਲ ਟਰੈਕ ਬੰਬ ਧਮਾਕੇ ਵਿਚ ਮਾਰੇ ਗਏ ਜਗਰੂਪ ਸਿੰਘ ਨਿਵਾਸੀ ਪਿੰਡ ਪੰਜਵੜ ਦੇ ਘਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੀ ਟੀਮ ਵੱਲੋਂ ਦਸਤਕ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਮੁਤਾਬਕ ਵਿਧਾਨ ਸਭਾ ਹਲਕਾ ਤਰਨਤਾਰਨ ਅਧੀਨ ਆਉਂਦੇ ਪਿੰਡ ਪੰਜਵੜ ਵਿਖੇ ਜਗਰੂਪ ਸਿੰਘ ਪੁੱਤਰ ਲਖਵਿੰਦਰ ਸਿੰਘ ਦੇ ਘਰ ਵਿਚ ਵੀਰਵਾਰ ਸਵੇਰੇ ਐੱਨਆਈਏ ਦੀ ਟੀਮ ਵੱਲੋਂ ਅਚਾਨਕ ਦਸਤਕ ਦਿੱਤੀ ਗਈ। ਗੱਡੀਆਂ ਵਿਚ ਸਵਾਰ ਆਏ ਕਰੀਬ ਅੱਠ ਤੋਂ 10 ਵਿਅਕਤੀਆਂ ਵੱਲੋਂ ਘਰ ਦੇ ਸਮੂਹ ਮੈਂਬਰਾਂ ਜਿਨ੍ਹਾਂ ਵਿਚ ਜਗਰੂਪ ਸਿੰਘ ਦੀ ਮਾਂ ਪਤਨੀ ਚਾਚਾ ਅਤੇ ਹੋਰ ਪਰਿਵਾਰਕ ਮੈਂਬਰਾਂ ਪਾਸੋਂ ਕੁਝ ਘੰਟੇ ਤੱਕ ਬਾਰੀਕੀ ਨਾਲ ਪੁੱਛਗਿਛ ਕੀਤੀ ਗਈ। ਜਗਰੂਪ ਸਿੰਘ ਦੀ ਪਤਨੀ ਅਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਮੋਬਾਈਲ ਅਤੇ ਕੁਝ ਦਸਤਾਵੇਜ਼ਾਂ ਨੂੰ ਟੀਮ ਆਪਣੇ ਨਾਲ ਲੈ ਗਈ ਹੈ। ਪਰਿਵਾਰਿਕ ਮੈਂਬਰਾਂ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਟੀਮ ਵਾਪਸ ਪਰਤ ਗਈ। ਇਸ ਸਬੰਧੀ ਪੁਲਸ ਤੱਕ ਨੂੰ ਵੀ ਭਿਣਕ ਨਹੀਂ ਲੱਗਣ ਦਿੱਤੀ ਗਈ।

