Nihangs’ sticks rain down on people drinking alcohol in the open! Video goes viral on social media
ਖੁੱਲ੍ਹੇ ਵਿਚ ਸ਼ਰਾਬ ਪੀ ਰਹੇ ਲੋਕਾਂ ‘ਤੇ ਵਰ੍ਹੇ ਨਿਹੰਗਾਂ ਦੇ ਡੰਡੇ! ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਤਾਜਪੁਰ ਰੋਡ ਸਥਿਤ ਹੁੰਦਲ ਚੌਕ ’ਤੇ ਉਸ ਸਮੇਂ ਭਾਰੀ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਨਿਹੰਗ ਸਿੰਘਾਂ ਦੇ ਇਕ ਜਥੇ ਨੇ ਸ਼ਰਾਬ ਠੇਕੇ ਦੇ ਬਾਹਰ ਖੁੱਲ੍ਹੇ ਵਿਚ ਸ਼ਰਾਬ ਦੀਆਂ ਗਲਾਸੀਆਂ ਖੜਕਾ ਰਹੇ ਲੋਕਾਂ ’ਤੇ ਡੰਡੇ ਵਰ੍ਹਾ ਦਿੱਤੇ। ਨਿਹੰਗਾਂ ਨੇ ਡੰਡੇ ਵਰ੍ਹਾਉਂਦੇ ਸ਼ਰਾਬੀਆਂ ਨੂੰ ਦੌੜਾ-ਦੌੜਾ ਕੇ ਖਦੇੜ ਦਿੱਤਾ ਤੇ ਠੇਕੇ ਦੇ ਬਾਹਰ ਲੱਗੀ ਪਾਣੀ ਦੀ ਟੂਟੀ ਵੀ ਤੋੜ ਦਿੱਤੀ। ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਨਿਹੰਗ ਖੁੱਲ੍ਹੇ ਵਿਚ ਨਸ਼ਾ ਕਰਨ ਵਾਲਿਆਂ ਨੂੰ ਸਖਤ ਲਹਿਜ਼ੇ ਵਿਚ ਚਿਤਾਵਨੀ ਦਿੰਦੇ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ਇਹ ਘਟਨਾ 15 ਅਕਤੂਬਰ ਦੁਪਹਿਰ ਦੀ ਹੈ, ਜਦੋਂ ਝੋਟਾ ਕਤਲਕਾਂਡ ਦੇ ਇਨਸਾਫ ਸਬੰਧੀ ਸਮੁੱਚੇ ਸ਼ਹਿਰ ਵਿਚ ਤਣਾਅ ਤੇ ਬੰਦ ਦਾ ਮਾਹੌਲ ਸੀ। ਤਾਜਪੁਰ ਰੋਡ ਦੇ ਹੁੰਦਲ ਚੌਕ ’ਤੇ ਸਥਿਤ ਸ਼ਰਾਬ ਦੇ ਠੇਕੇ ਦੇ ਬਾਹਰ ਕਈ ਲੋਕ ਖੁੱਲ੍ਹੇਆਮ ਸੜਕ ਕੰਢੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਉਥੋਂ ਗੁਜ਼ਰ ਰਹੇ ਨਿਹੰਗ ਸਿੰਘਾਂ ਦੇ ਜੱਥੇ ਨੇ ਜਦੋਂ ਦਿਨ ਦਿਹਾੜੇ ਜਨਤਕ ਸਥਾਨ ’ਤੇ ਸ਼ਰਾਬੀਆਂ ਦਾ ਜਮਾਵੜਾ ਦੇਖਿਆ ਤਾ ਉਨ੍ਹਾ ਦਾ ਗੁੱਸਾ ਫੁੱਟ ਪਿਆ। ਨਿਹੰਗਾਂ ਨੇ ਤੁਰੰਤ ਆਪਣ ਡੰਡੇ ਕੱਢ ਲਏ ਤੇ ਠੇਕੇ ਦੇ ਬਾਹਰ ਬੈਠੇ ਪਿਆਕੜਾਂ ’ਤੇ ਟੁੱਟ ਪਏ। ਅਚਾਨਕ ਹੋਏ ਇਸ ਐਕਸ਼ਨ ਨਾਲ ਸ਼ਰਾਬੀਆਂ ਵਿਚ ਭੱਜਦੌੜ ਮਚ ਗਈ ਅਤੇ ਉਹ ਆਪਣੀਆਂ ਬੋਤਲਾਂ ਅਤੇ ਗਲਾਸ ਛੱਡ ਕੇ ਇਧਰ ਉਧਰ ਭੱਜਣ ਲੱਗੇ। ਨਿਹੰਗਾਂ ਨੇ ਤਿੱਖੇ ਤੇਵਰ ਦਿਖਾਉਂਦੇ ਕਿਹਾ ਕਿ ਜਨਤਕ ਸੜਕਾ ਤੇ ਚੌਰਾਹਿਆਂ ’ਤੇ ਬੈਠ ਕੇ ਸ਼ਰਾਬ ਪੀਣਾ ਤੇ ਤਮਾਸ਼ਾ ਖੜ੍ਹਾ ਕਰਨਾ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾ ਸਪੱਸ਼ਟ ਚਿਤਾਵਨੀ ਦਿੱਤੀ ਕਿ ਨਸ਼ੇ ਦੇ ਅੱਡਿਆਂ ਅਤੇ ਖੁੱਲ੍ਹੇ ਵਿਚ ਪੀਣ ਵਾਲਿਆਂ ਖਿਲਾਫ ਉਨ੍ਹਾਂ ਦੀ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਤੇ ਜੇਕਰ ਭਵਿੱਖ ਵਿਚ ਕੋਈ ਟਕਰਾਅ ਹੁੰਦਾ ਹੈ ਤਾਂ ਉਸ ਦੀ ਸਿੱਧੀ ਜ਼ਿੰਮੇਵਾਰੀ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੀ ਹੋਵੇਗੀ।

