Nominations of 2 independent candidates rejected; Hardeep Puri’s victory in Rajya Sabha by-election certain
2 ਆਜ਼ਾਦ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ, ਹਰਦੀਪ ਪੁਰੀ ਦੀ ਰਾਜ ਸਭਾ ਜ਼ਿਮਨੀ ਚੋਣ ’ਚ ਜਿੱਤ ਤੈਅ
ਭੋਪਾਲ (ਆਵਾਜ਼ਿ ਕੌਮ ਬਿਊਰੋ)-ਕਾਂਗਰਸ ਹਮਾਇਤੀ ਉਮੀਦਵਾਰ ਸਮੇਤ 2 ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਮੰਗਲਵਾਰ ਨੂੰ ਰੱਦ ਹੋਣ ਤੋਂ ਬਾਅਦ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਮੱਧ ਪ੍ਰਦੇਸ਼ ਤੋਂ ਰਾਜ ਸਭਾ ਜ਼ਿਮਨੀ ਚੋਣ ਵਿਚ ਬਿਨਾਂ ਮੁਕਾਬਲਾ ਚੁਣੇ ਜਾਣਾ ਤੈਅ ਹੋ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ 5 ਨਵੰਬਰ ਨੂੰ ਨਤੀਜਾ ਐਲਾਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੇ ਆਖ਼ਰੀ ਦਿਨ ਆਜ਼ਾਦ ਉਮੀਦਵਾਰ ਕਾਂਤੇ ਸਯੰਨਾ ਅਤੇ ਕਾਂਗਰਸ ਹਮਾਇਤੀ ਰਾਜਕੁਮਾਰ ਲੋਹਾਨੀ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ। ਇਸ ਦੌਰਾਨ, ਦੋਵਾਂ ਆਜ਼ਾਦ ਉਮੀਦਵਾਰਾਂ ਅਤੇ ਕਾਂਗਰਸ ਨੇਤਾ ਹੇਮੰਤ ਕਟਾਰੇ ਨੇ ਪੁਰੀ ਦੇ ਨਾਮਜ਼ਦਗੀ ਪੱਤਰਾਂ ’ਤੇ ਇਤਰਾਜ਼ ਜਤਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਦਾਖ਼ਲ ਕੀਤਾ ਗਿਆ ਫਾਰਮ-26 ਵਿਚ ਦਿੱਤਾ ਗਿਆ ਹਲਫ਼ਨਾਮਾ ਅਪ੍ਰਮਾਣਿਤ ਅਤੇ ਅਧੂਰਾ ਹੈ। ਚੋਣ ਅਧਿਕਾਰੀ ਉਮੇਸ਼ ਸ਼ਰਮਾ ਨੇ ਇਤਰਾਜ਼ਾਂ ਦੀ ਤਫ਼ਤੀਸ਼ ਕੀਤੀ ਅਤੇ ਕਿਹਾ ਕਿ ਪੁਰੀ ਨੇ ਲੋਕ ਪ੍ਰਤੀਨਿਧਤਾ ਐਕਟ ਦੇ ਕਿਸੇ ਵੀ ਉਪਬੰਧ ਦੀ ਉਲੰਘਣਾ ਨਹੀਂ ਕੀਤੀ ਹੈ।

