Notices issued to 1.38 lakh voters under SIR, know why the Election Department took this action
SIR ਤਹਿਤ 1.38 ਲੱਖ ਵੋਟਰਾਂ ਨੂੰ ਨੋਟਿਸ ਜਾਰੀ, ਜਾਣੋ ਕਿਉਂ ਚੋਣ ਵਿਭਾਗ ਨੇ ਲਿਆ ਇਹ ਐਕਸ਼ਨ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚੋਣ ਵਿਭਾਗ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ. ਆਈ. ਆਰ.) ਮੁਹਿੰਮ ਲਗਾਤਾਰ ਜਾਰੀ ਹੈ। ਇਸ ਦਾ ਮਕਸਦ ਵੋਟਰ ਸੂਚੀਆਂ ਨੂੰ ਪਾਰਦਰਸ਼ੀ ਅਤੇ ਗਲਤੀ ਰਹਿਤ ਬਣਾਉਣਾ ਹੈ। ਇਸ ਤਹਿਤ ਫਰਜ਼ੀ, ਅਯੋਗ ਅਤੇ ਮ੍ਰਿਤਕ ਵੋਟਰਾਂ ਦੇ ਨਾਂ ਹਟਾਉਣ ਦੇ ਨਾਲ-ਨਾਲ ਯੋਗ ਵੋਟਰਾਂ ਦੇ ਵੋਟ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ 1 ਲੱਖ 38 ਹਜ਼ਾਰ 70 ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਚੋਣ ਵਿਭਾਗ ਵੱਲੋਂ ਦੱਸਿਆ ਗਿਆ ਕਿ ਬੂਥ ਲੈਵਲ ਅਫ਼ਸਰਾਂ (ਬੀ. ਐੱਲ. ਓਜ਼.) ਰਾਹੀਂ ਜ਼ਮੀਨੀ ਪੱਧਰ ’ਤੇ ਵੋਟਰਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਵੋਟਰਾਂ ਦੇ ਵੇਰਵਿਆਂ ਦੀ ਵਾਧੂ ਪੁਸ਼ਟੀ ਦੀ ਲੋੜ ਪਾਈ ਗਈ ਹੈ, ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਲੋੜੀਂਦੇ ਦਸਤਾਵੇਜ਼ ਮੰਗੇ ਜਾ ਰਹੇ ਹਨ। ਵਿਭਾਗ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਦਾ ਮਕਸਦ ਕਿਸੇ ਵੀ ਯੋਗ ਵੋਟਰ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਹੋਣ ਤੋਂ ਬਚਾਉਣਾ ਹੈ। ਕੁੱਲ 1,38,070 ਨੋਟਿਸਾਂ ’ਚੋਂ ਹੁਣ ਤੱਕ 93,193 ਨੋਟਿਸ, ਯਾਨੀ ਲਗਭਗ 67.5 ਫ਼ੀਸਦੀ ਸਬੰਧਿਤ ਵੋਟਰਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਬਾਕੀ 44,877 ਨੋਟਿਸ ਤਿਆਰ ਕੀਤੇ ਜਾ ਰਹੇ ਹਨ ਅਤੇ ਜਲਦ ਜਾਰੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਸਬੰਧਿਤ ਸਹਾਇਕ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ (ਏ. ਈ. ਆਰ. ਓਜ਼) ਵੱਲੋਂ ਹੁਣ ਤੱਕ 28 ਹਜ਼ਾਰ 134 ਮਾਮਲਿਆਂ ਦੀ ਸੁਣਵਾਈ ਪੂਰੀ ਕੀਤੀ ਜਾ ਚੁੱਕੀ ਹੈ। ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਬਾਅਦ ਇਨ੍ਹਾਂ ’ਚੋਂ 20 ਹਜ਼ਾਰ 343 ਮਾਮਲਿਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਜਦਕਿ 7,791 ਮਾਮਲਿਆਂ ਦੀ ਜਾਂਚ ਹਾਲੇ ਜਾਰੀ ਹੈ। ਨੋਟਿਸ ਪ੍ਰਾਪਤ ਕਰਨ ਵਾਲੇ ਵੋਟਰਾਂ ਨੂੰ ਨਿਰਧਾਰਤ ਸਮੇਂ ਅੰਦਰ ਆਪਣੇ ਸਬੰਧਤ ਏ.ਈ.ਆਰ.ਓ. ਕੋਲ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਉਨ੍ਹਾਂ ਦੇ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ। ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵੋਟਰਾਂ ਨੂੰ ਵਿਸ਼ੇਸ਼ ਸੁਧਾਈ ਮੁਹਿੰਮ ਤਹਿਤ ਨੋਟਿਸ ਮਿਲੇ ਹਨ, ਉਹ ਆਪਣਾ ਵੋਟ ਦਾ ਅਧਿਕਾਰ ਬਰਕਰਾਰ ਰੱਖਣ ਲਈ ਤੁਰੰਤ ਏ. ਈ. ਆਰ. ਓ. ਜਾਂ ਬੀ. ਐੱਲ. ਓ. ਕੋਲ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਤੇ ਚੋਣ ਅਮਲੇ ਦਾ ਸਹਿਯੋਗ ਕਰਨ। ਵੋਟਰ ਨੋਟਿਸ, ਅਰਜ਼ੀ ਜਾਂ ਆਪਣੇ ਮਾਮਲੇ ਦੀ ਸਥਿਤੀ ਸਬੰਧੀ ਜਾਣਕਾਰੀ ਲਈ 24 ਘੰਟੇ ਚੱਲਣ ਵਾਲੀ ਵੋਟਰ ਹੈਲਪਲਾਈਨ 1950 ਜਾਂ ਟੋਲ-ਫਰੀ ਨੰਬਰ 1800-11-1950 ’ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ 1950 ’ਤੇ ਐੱਸ. ਐੱਮ. ਐੱਸ., ਵੋਟਰ ਹੈਲਪਲਾਈਨ ਮੋਬਾਇਲ ਐਪ, ਚੋਣ ਕਮਿਸ਼ਨ ਦੇ ਪੋਰਟਲ ਜਾਂ ਆਪਣੇ ਇਲਾਕੇ ਦੇ ਬੀ. ਐੱਲ. ਓ. ਅਤੇ ਏ. ਈ. ਆਰ. ਓ. ਦਫ਼ਤਰ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

