Noul is coming to wreak havoc! Highest alert issued, Chinese administration cancels hundreds of flights
ਕਹਿਰ ਮਚਾਉਣ ਆ ਰਿਹੈ Noul ! ਸਭ ਤੋਂ ਹਾਈ ਅਲਰਟ ਜਾਰੀ, ਚੀਨ ਪ੍ਰਸ਼ਾਸਨ ਨੇ ਸੈਂਕੜੇ ਫਲਾਈਟਾਂ ਕੀਤੀਆਂ ਰੱਦ
Beijing, (ਆਵਾਜ਼ਿ ਕੌਮ ਬਿਊਰੋ)-ਚੀਨ ‘ਚ ਇਸ ਸਾਲ ਦੇ 12ਵੇਂ ਚੱਕਰਵਾਤੀ ਤੂਫ਼ਾਨ ‘ਨੌਲ’ (Noul) ਨੇ ਕਾਫ਼ੀ ਕਹਿਰ ਮਚਾਇਆ ਹੋਇਆ ਹੈ। ਦੇਸ਼ ਦੇ ਮੌਸਮ ਵਿਗਿਆਨ ਕੇਂਦਰ ਵੱਲੋਂ ਇਸ ਤੂਫ਼ਾਨ ਦੇ ਗੁਆਂਗਦੋਂਗ ਪ੍ਰਾਂਤ ਦੇ ਤੱਟ ਵੱਲ ਵਧਣ ਕਾਰਨ ਸਭ ਤੋਂ ਹਾਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਤੂਫ਼ਾਨ ਦੇ ਕੇਂਦਰ ‘ਚ ਹਵਾਵਾਂ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ ਹੈ ਅਤੇ ਹੁਣ ਇਹ ਤੂਫ਼ਾਨ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ-ਪੱਛਮ ਵੱਲ ਵਧ ਰਿਹਾ ਹੈ। ਚੱਕਰਵਾਤ ਦਾ ਕੇਂਦਰ ਗੁਆਂਗਦੋਂਗ ਦੇ ਹੁਈਝੋਊ ਸ਼ਹਿਰ ਤੋਂ ਲਗਭਗ 100 ਕਿਲੋਮੀਟਰ ਦੂਰ ਸਮੁੰਦਰ ਵਿੱਚ ਹੈ। ਤੱਟ ਨਾਲ ਟਕਰਾਉਣ ਤੋਂ ਬਾਅਦ ਇਸ ਦੇ ਉੱਤਰ-ਉੱਤਰ-ਪੱਛਮ ਵੱਲ ਵਧਣ ਅਤੇ ਹੌਲੀ-ਹੌਲੀ ਕਮਜ਼ੋਰ ਪੈਣ ਦੀ ਉਮੀਦ ਹੈ। ਰਾਸ਼ਟਰੀ ਹੜ੍ਹ ਕੰਟਰੋਲ ਹੈੱਡਕੁਆਰਟਰ ਨੇ ਗੁਆਂਗਦੋਂਗ ‘ਚ ਹੜ੍ਹ ਅਤੇ ਤੂਫ਼ਾਨ ਨਾਲ ਨਜਿੱਠਣ ਲਈ ਐਮਰਜੈਂਸੀ ਰਿਸਪਾਂਸ ਨੂੰ ਵਧਾ ਕੇ ‘ਲੈਵਲ-3’ ਕਰ ਦਿੱਤਾ ਹੈ, ਜਦਕਿ ਜਿਆਂਗਸ਼ੀ ਅਤੇ ਹੁਨਾਨ ਪ੍ਰਾਂਤਾਂ ਵਿੱਚ ‘ਲੈਵਲ-4’ ਅਲਰਟ ਲਾਗੂ ਕੀਤਾ ਗਿਆ ਹੈ। ਤੂਫ਼ਾਨ ਦੇ ਖ਼ਤਰੇ ਨੂੰ ਦੇਖਦਿਆਂ ਹਾਂਗਕਾਂਗ ‘ਚ 400 ਤੋਂ ਵੱਧ ਫਲਾਈਟਾਂ ਅਤੇ 150 ਤੋਂ ਵੱਧ ਹਾਈ-ਸਪੀਡ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਲੋਕਾਂ ਦੀ ਸੁਰੱਖਿਆ ਲਈ 28 ਰਾਹਤ ਕੈਂਪ ਵੀ ਖੋਲ੍ਹੇ ਗਏ ਹਨ। ਜ਼ਿਕਰਯੋਗ ਹੈ ਕਿ ਚੀਨ ‘ਚ ਤੂਫ਼ਾਨਾਂ ਲਈ 4 ਰੰਗਾਂ ਵਾਲਾ ਅਲਰਟ ਸਿਸਟਮ ਹੁੰਦਾ ਹੈ, ਜਿਸ ਵਿੱਚ ‘ਲਾਲ’ ਸਭ ਤੋਂ ਖ਼ਤਰਨਾਕ ਹੁੰਦਾ ਹੈ। ਇਸ ਤੋਂ ਇਲਾਵਾ ਨਾਰੰਗੀ, ਪੀਲਾ ਅਤੇ ਨੀਲਾ ਅਲਰਟ ਵੀ ਹੁੰਦਾ ਹੈ, ਜੋ ਕਿ ਰੈੱਡ ਅਲਰਟ ਨਾਲੋਂ ਘੱਟ ਖ਼ਤਰਨਾਕ ਹੁੰਦੇ ਹਨ।

