Now you won’t have to visit embassies! You will get a visa in just 48 hours, know the complete plan of Saudi Arabia
ਹੁਣ ਨਹੀਂ ਮਾਰਨੇ ਪੈਣਗੇ ਅੰਬੈਸੀਆਂ ਦੇ ਗੇੜੇ ! ਸਿਰਫ਼ 48 ਘੰਟੇ ‘ਚ ਮਿਲੇਗਾ ਵੀਜ਼ਾ, ਜਾਣੋ ਸਾਊਦੀ ਦਾ ਪੂਰਾ ਪਲਾਨ
Saudi Arab, (ਆਵਾਜ਼ਿ ਕੌਮ ਬਿਊਰੋ)-ਮਿਡਲ ਈਸਟ ‘ਚ ਅਮਰੀਕਾ-ਇਰਾਨ ਵਿਚਾਲੇ ਚੱਲੀ ਜੰਗ ਮਗਰੋਂ ਖਾੜੀ ਦੇਸ਼ਾਂ ‘ਚ ਆਉਣ ਤੋਂ ਲੋਕ ਕਤਰਾਉਣ ਲੱਗੇ ਹਨ। ਸਾਊਦੀ ਅਰਬ, ਦੁਬਈ ਤੇ ਕਤਰ ਸਣੇ ਕਈ ਦੇਸ਼ਾਂ ‘ਚ ਹੋਏ ਹਮਲਿਆਂ ਮਗਰੋਂ ਇਨ੍ਹਾਂ ਦੇਸ਼ਾਂ ਦੀ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ, ਜਿਸ ਕਾਰਨ ਇੱਥੇ ਕੰਮ ਕਰਨ, ਟੂਰਿਸਟ ਅਤੇ ਵਿਜ਼ੀਟਰ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਦੀ ਗਿਣਤੀ ‘ਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। ਇਸੇ ਦੌਰਾਨ ਸਾਊਦੀ ਅਰਬ ਦੇ ਟੂਰਿਜ਼ਮ ਵਿਭਾਗ ਨੇ ਦੇਸ਼ ‘ਚ ਵਿਦੇਸ਼ੀ ਟੂਰਿਸਟਾਂ ਨੂੰ ਆਕਰਸ਼ਿਤ ਕਰਨ ਲਈ ਇੱਕ ਨਵਾਂ ‘ਵੀਜ਼ਾ ਪੈਕੇਜ ਪ੍ਰੋਗਰਾਮ’ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਦੇ ਪਹਿਲੇ ਫੇਜ਼ ਤਹਿਤ ਸਾਊਦੀ ਅਰਬ ਨੇ ਭਾਰਤ ਸਣੇ ਦੁਨੀਆ ਦੇ ਪਹਿਲੇ 7 ਯੋਗ ਦੇਸ਼ਾਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ‘ਚ ਭਾਰਤ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਮਿਸਰ, ਜਾਰਡਨ, ਇੰਡੋਨੇਸ਼ੀਆ ਤੇ ਮੈਕਸੀਕੋ ਸ਼ਾਮਲ ਹਨ। ਇਸ ਨਵੇਂ ਵੀਜ਼ਾ ਪ੍ਰੋਗਰਾਮ ਤਹਿਤ ਹੁਣ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਅਲੱਗ ਤੋਂ ਵੀਜ਼ਾ ਅਪਲਾਈ ਕਰਨ ਜਾਂ ਸਾਊਦੀ ਅੰਬੈਸੀ ਜਾਣ ਦੀ ਲੋੜ ਨਹੀਂ ਪਵੇਗੀ, ਬਲਕਿ ਉਨ੍ਹਾਂ ਦੀ ਟ੍ਰੈਵਲ ਬੁਕਿੰਗ ਦੇ ਨਾਲ ਹੀ ਵੀਜ਼ਾ ਆਟੋਮੈਟਿਕ ਤਿਆਰ ਹੋ ਜਾਵੇਗਾ। ਇਸ ਪ੍ਰੋਗਰਾਮ ਦੇ ਤਹਿਤ ਯਾਤਰੀ ਇੱਕੋ ਵਾਰ ਦੀ ਬੁਕਿੰਗ ‘ਚ ਆਪਣੀ ‘ਆਉਣ-ਜਾਣ ਦੀ ਫਲਾਈਟ, ਮਾਨਤਾ ਪ੍ਰਾਪਤ ਹੋਟਲ ‘ਚ ਰਿਹਾਇਸ਼ ਅਤੇ ਈ-ਵੀਜ਼ਾ, ਸਭ ਕੁਝ ਇਕੱਠਾ ਬੁੱਕ ਕਰ ਸਕਦੇ ਹਨ। ਟ੍ਰੈਵਲ ਪੈਕੇਜ ਬੁਕਿੰਗ ਪੂਰੀ ਹੋਣ ਦੇ ਵੱਧ ਤੋਂ ਵੱਧ 48 ਘੰਟਿਆਂ ਦੇ ਅੰਦਰ-ਅੰਦਰ ਈ-ਵੀਜ਼ਾ ਜਾਰੀ ਕਰ ਦਿੱਤਾ ਜਾਵੇਗਾ, ਜੋ ਯਾਤਰੀ ਨੂੰ ਈਮੇਲ ਰਾਹੀਂ ਮਿਲੇਗਾ। ਇਹ ਵੀਜ਼ਾ 3 ਮਹੀਨਿਆਂ ਲਈ ਵੈਲਿਡ ਹੋਵੇਗਾ, ਜੋ ਕਿ ਇੱਕ ‘ਸਿੰਗਲ-ਐਂਟਰੀ’ ਟੂਰਿਸਟ ਵੀਜ਼ਾ ਹੈ। ਇਸ ਦੇ ਤਹਿਤ ਯਾਤਰੀ ਸਾਊਦੀ ਵਿੱਚ ਘੱਟੋ-ਘੱਟ 2 ਦਿਨ ਅਤੇ ਵੱਧ ਤੋਂ ਵੱਧ 88 ਦਿਨ ਰਹਿ ਸਕਦਾ ਹੈ। ਟੂਰਿਸਟ ਇੰਸ਼ੋਰੈਂਸ ਸਮੇਤ ਕੁੱਲ ਵੀਜ਼ਾ ਫੀਸ 402.21 ਸਾਊਦੀ ਰਿਆਲ (ਕਰੀਬ 10,200 ਰੁਪਏ) ਤੈਅ ਕੀਤੀ ਗਈ ਹੈ। ਹਾਲਾਂਕਿ ਇਸ ਪੈਕੇਜ ‘ਚ ਮੱਕਾ ਅਤੇ ਮਦੀਨਾ ਦੇ ਹੋਟਲ ਜਾਂ ਉਮਰਾਹ ਨਾਲ ਸਬੰਧਤ ਸੇਵਾਵਾਂ ਸ਼ਾਮਲ ਨਹੀਂ ਹਨ, ਪਰ ਇਸ ਵੀਜ਼ੇ ‘ਤੇ ਸਾਊਦੀ ਅਰਬ ਪਹੁੰਚਣ ਤੋਂ ਬਾਅਦ ਯਾਤਰੀਆਂ ਨੂੰ ਦੋਵਾਂ ਪਵਿੱਤਰ ਸ਼ਹਿਰਾਂ ਸਣੇ ਪੂਰੇ ਦੇਸ਼ ਵਿੱਚ ਕਿਤੇ ਵੀ ਯਾਤਰਾ ਕਰਨ ਦੀ ਪੂਰੀ ਆਜ਼ਾਦੀ ਹੋਵੇਗੀ। ਸਾਊਦੀ ਸਰਕਾਰ ਨੇ ਇਸ ਸੇਵਾ ਲਈ ਫਿਲਹਾਲ ਦੋ ਪ੍ਰਮੁੱਖ ਟ੍ਰੈਵਲ ਏਜੰਸੀਆਂ- ‘ਰਿਜ਼ਰਵਲ’ ਅਤੇ ‘ਅਲਮੋਸਾਫਿਰ’ ਨੂੰ ਮਾਨਤਾ ਦਿੱਤੀ ਹੈ, ਜਿੱਥੋਂ ਯਾਤਰੀ ਇਸ ਪੈਕੇਜ ਦਾ ਲਾਭ ਲੈ ਸਕਦੇ ਹਨ।

