Offering Rs 30 crore each to MLAs, a conspiracy to topple the government: Omar Abdullah
ਵਿਧਾਇਕਾਂ ਨੂੰ ਕੀਤੀ ਜਾ ਰਹੀ 30-30 ਕਰੋੜ ਰੁਪਏ ਦੀ ਪੇਸ਼ਕਸ਼, ਸਰਕਾਰ ਡੇਗਣ ਦੀ ਸਾਜ਼ਿਸ਼ : ਉਮਰ ਅਬਦੁੱਲਾ
ਸ਼੍ਰੀਨਗਰ, (ਆਵਾਜ਼ਿ ਕੌਮ ਬਿਊਰੋ)-ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਭਾਜਪਾ ’ਤੇ ਸੱਤਾਧਾਰੀ ਨੈਸ਼ਨਲ ਕਾਨਫਰੰਸ ’ਚ ਫੁੱਟ ਪਾ ਕੇ ਉਨ੍ਹਾਂ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਸ਼ਨੀਵਾਰ ਆਪਣੀ ਦਾਦੀ ਅਕਬਰ ਜਹਾਂ ਦੀ 26ਵੀਂ ਬਰਸੀ ’ਤੇ ਹਜ਼ਰਤਬਲ ਵਿਖੇ ਆਪਣੇ ਦਾਦਾ-ਦਾਦੀ ਦੀ ਸਾਂਝੀ ਦਰਗਾਹ ’ਤੇ ਇਕ ਵਰਕਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਲਈ ਪੈਸੇ ਤੇ ਤਾਕਤ ਦੀ ਵਰਤੋਂ ਕਰ ਰਹੀ ਹੈ। ਅਬਦੁੱਲਾ ਨੇ ਦਾਅਵਾ ਕੀਤਾ ਕਿ ਪਾਰਟੀ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਾਡੇ ਵਿਧਾਇਕਾਂ ਨੂੰ 30-30 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਭਾਜਪਾ ਹੁਣ ਬੰਦ ਦਰਵਾਜ਼ੇ ਪਿੱਛੇ ਸਾਡੇ ਵਿਧਾਇਕਾਂ ਨੂੰ ਕਹਿ ਰਹੀ ਹੈ ਕਿ ਸਾਡੇ ਨਾਲ ਆਓ, ਅਸੀਂ ਤੁਹਾਨੂੰ ਸੂਬੇ ਦਾ ਦਰਜਾ ਦਿਵਾਵਾਂਗੇ। ਉਨ੍ਹਾਂ ਦਾਅਵਾ ਕੀਤਾ ਕਿ ਨੈਸ਼ਨਲ ਕਾਨਫਰੰਸ ਦੇ ਜੰਮੂ ਖੇਤਰ ਦੇ ਇਕ ਵਿਧਾਇਕ ਨੇ ਮੈਨੂੰ ਦੱਸਿਆ ਕਿ ਉਸ ਨੂੰ ਭਾਜਪਾ ਕੈਂਪ ’ਚ ਸ਼ਾਮਲ ਹੋਣ ਲਈ 30 ਕਰੋੜ ਰੁਪਏ ਅਤੇ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਅੱਲ੍ਹਾ ਗਵਾਹ ਹੈ ਕਿ ਜੰਮੂ ਦੇ ਉਕਤ ਵਿਧਾਇਕ ਨੇ ਮੈਨੂੰ ਦੱਸਿਆ ਕਿ ਭਾਜਪਾ ਦੇ ਇਕ ਅਹੁਦੇਦਾਰ ਜੋ ਸੁਪਰੀਮ ਕੋਰਟ ਦਾ ਵਕੀਲ ਵੀ ਹੈ, ਨੇ ਉਸ ਦੀ ਹਮਾਇਤ ਮੰਗੀ। ਬਦਲੇ ’ਚ ਉਸ ਨੂੰ 20 ਤੋਂ 30 ਕਰੋੜ ਰੁਪਏ, ਮੰਤਰੀ ਦਾ ਅਹੁਦਾ ਤੇ ਸੂਬੇ ਦਾ ਦਰਜਾ ਦੇਣ ਦੀ ਪੇਸ਼ਕਸ਼ ਕੀਤੀ।

