Pannu’s life in danger again! FBI and RCMP warn of ‘new credible threat’
*ਪੰਨੂੰ ਦੀ ਜਾਨ ਨੂੰ ਮੁੜ ਖ਼ਤਰਾ! FBI ਤੇ RCMP ਵੱਲੋਂ ‘ਨਵੀਂ ਭਰੋਸੇਯੋਗ ਧਮਕੀ’ ਦੀ ਚਿਤਾਵਨੀ *ਨਿਖਿਲ ਗੁਪਤਾ ਨੂੰ 20 ਨਵੰਬਰ ਨੂੰ ਸੁਣਾਈ ਜਾਣੀ ਹੈ ਸਜ਼ਾ, ਨਵੀਂ ਚਿਤਾਵਨੀ ਨਾਲ ਮਾਮਲਾ ਮੁੜ ਗਰਮਾਇਆ
ਵਾਸ਼ਿੰਗਟਨ/ਟੋਰਾਂਟੋ/ਲੰਡਨ (ਸਰਬਜੀਤ ਸਿੰਘ ਬਨੂੜ)- ਸਿੱਖਸ ਫਾਰ ਜਸਟਿਸ ਦੇ ਸਲਾਹਕਾਰ ਅਤੇ ਖ਼ਾਲਿਸਤਾਨ ਰੈਫਰੈਂਡਮ ਮੁਹਿੰਮ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਨੂੰ ਅਮਰੀਕੀ ਜਾਂਚ ਏਜੰਸੀ FBI ਅਤੇ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਨੇ ਉਸਨੂੰ ਉਸਦੀ ਜਾਨ ਨੂੰ ਦਰਪੇਸ਼ ਇੱਕ ਨਵੇਂ ਅਤੇ ਭਰੋਸੇਯੋਗ ਖ਼ਤਰੇ ਬਾਰੇ ਚਿਤਾਵਨੀ ਦਿੱਤੀ ਹੈ।
ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਮੁਤਾਬਕ FBI ਦੇ ਅਧਿਕਾਰੀਆਂ ਨੇ 12 ਅਗਸਤ ਨੂੰ ਗੁਰਪਤਵੰਤ ਸਿੰਘ ਪੰਨੂੰ ਨਾਲ ਮੁਲਾਕਾਤ ਕਰਕੇ ਉਸਨੂੰ ਖ਼ਤਰਾ ਦੂਰ ਹੋਣ ਤੱਕ ਯਾਤਰਾ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ। ਉਸਨੂੰ ਇਹ ਵੀ ਕਿਹਾ ਗਿਆ ਕਿ ਜੇ ਕਿਸੇ ਜ਼ਰੂਰੀ ਕਾਰਨ ਕਰਕੇ ਯਾਤਰਾ ਕਰਨੀ ਪਵੇ ਤਾਂ ਸਫ਼ਰ ਤੋਂ ਪਹਿਲਾਂ FBI ਨੂੰ ਸੂਚਿਤ ਕੀਤਾ ਜਾਵੇ। ਇਸ ਤੋਂ ਬਾਅਦ RCMP ਨੇ ਵੀ ਮੰਗਲਵਾਰ ਨੂੰ ਫੋਨ ਰਾਹੀਂ ਉਸਨੂੰ ਇਸ ਖ਼ਤਰੇ ਬਾਰੇ ਚੌਕਸ ਕੀਤਾ। ਹਾਲਾਂਕਿ, ਦੋਵਾਂ ਏਜੰਸੀਆਂ ਨੇ ਧਮਕੀ ਦੇ ਸਰੋਤ, ਇਸ ਪਿੱਛੇ ਕਥਿਤ ਵਿਅਕਤੀਆਂ ਜਾਂ ਸੰਭਾਵਿਤ ਤਰੀਕੇ ਬਾਰੇ ਜਨਤਕ ਤੌਰ ’ਤੇ ਕੋਈ ਵਿਸਥਾਰ ਨਹੀਂ ਦਿੱਤਾ।
ਪੰਨੂੰ ਅਨੁਸਾਰ ਇਹ ਚਿਤਾਵਨੀ ਅਮਰੀਕਾ ਦੇ ‘Duty to Warn’ ਪ੍ਰਬੰਧ ਤਹਿਤ ਦਿੱਤੀ ਗਈ ਹੈ। ਇਸ ਪ੍ਰਬੰਧ ਅਧੀਨ ਅਮਰੀਕੀ ਏਜੰਸੀਆਂ ਕਿਸੇ ਵਿਅਕਤੀ ਵਿਰੁੱਧ ਕਤਲ, ਅਗਵਾ ਜਾਂ ਗੰਭੀਰ ਸਰੀਰਕ ਨੁਕਸਾਨ ਦੇ ਭਰੋਸੇਯੋਗ ਅਤੇ ਖ਼ਾਸ ਖ਼ਤਰੇ ਦੀ ਜਾਣਕਾਰੀ ਮਿਲਣ ’ਤੇ ਉਸਨੂੰ ਸੁਚੇਤ ਕਰਦੀਆਂ ਹਨ।
ਇਹ ਤਾਜ਼ਾ ਘਟਨਾਕ੍ਰਮ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਭਾਰਤੀ ਨਾਗਰਿਕ ਨਿਖਿਲ ਗੁਪਤਾ ਅਮਰੀਕਾ ਵਿੱਚ ਪੰਨੂੰ ਦੀ ਹੱਤਿਆ ਦੀ ਸਾਜ਼ਿਸ਼ ਨਾਲ ਸਬੰਧਤ ਤਿੰਨਾਂ ਦੋਸ਼ਾਂ ‘ਮਰਡਰ ਫਾਰ ਹਾਇਰ’, ਇਸ ਦੀ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਵਿੱਚ ਦੋਸ਼ ਕਬੂਲ ਕਰ ਚੁੱਕਾ ਹੈ। ਅਮਰੀਕੀ ਅਦਾਲਤ ਵੱਲੋਂ ਉਸਨੂੰ ਹੁਣ 20 ਨਵੰਬਰ 2026 ਨੂੰ ਸਜ਼ਾ ਸੁਣਾਈ ਜਾਣੀ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਇਹ ਸਾਜ਼ਿਸ਼ 2023 ਵਿੱਚ ਰਚੀ ਗਈ ਸੀ ਅਤੇ ਗੁਪਤਾ ਨੇ ਜਿਸ ਵਿਅਕਤੀ ਨੂੰ ਕਥਿਤ ਕਾਤਲ ਸਮਝ ਕੇ ਸੰਪਰਕ ਕੀਤਾ, ਉਹ ਅਸਲ ਵਿੱਚ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨਾਲ ਜੁੜਿਆ ਹੋਇਆ ਸੀ।
ਪੰਨੂੰ ਨੂੰ ਅਮਰੀਕਾ ਅਤੇ ਕੈਨੇਡਾ ਦੀਆਂ ਦੋਵਾਂ ਪ੍ਰਮੁੱਖ ਏਜੰਸੀਆਂ ਵੱਲੋਂ ਨਵੇਂ ਜਾਨਲੇਵਾ ਖ਼ਤਰੇ ਸਬੰਧੀ ਚਿਤਾਵਨੀ ਮਿਲਣ ਤੋਂ ਬਾਦ ਮਾਮਲਾ ਮੁੜ ਗਰਮਾਇਆ ਗਿਆ ਹੈ। ਸੂਤਰਾਂ ਮੁਤਾਬਕ ਇੰਗਲੈਂਡ ਅਤੇ ਕੈਨੇਡਾ ਵਿੱਚ ਸਰਗਰਮ ਕਈ ਖ਼ਾਲਿਸਤਾਨੀ ਆਗੂਆਂ ਨੂੰ ਵੀ ਉਨ੍ਹਾਂ ਦੀ ਜਾਨ ਨੂੰ ਦਰਪੇਸ਼ ਕਥਿਤ ਖ਼ਤਰਿਆਂ ਸਬੰਧੀ ਸੁਰੱਖਿਆ ਏਜੰਸੀਆਂ ਵੱਲੋਂ ਰਸਮੀ ਚਿਤਾਵਨੀਆਂ ਦਿੱਤੀਆਂ ਗਈਆਂ ਹਨ। ਹਾਲਾਂਕਿ, ਸੁਰੱਖਿਆ ਕਾਰਨਾਂ ਕਰਕੇ ਇਨ੍ਹਾਂ ਆਗੂਆਂ ਦੇ ਨਾਂ, ਖ਼ਤਰੇ ਦੇ ਸਰੋਤ ਅਤੇ ਚਿਤਾਵਨੀਆਂ ਦੇ ਵੇਰਵੇ ਜਨਤਕ ਨਹੀਂ ਕੀਤੇ ਗਏ।

