‘Plumber’ saves the lives of 174 people on board a FlyDubai flight! Says—’Learned by watching TV…’
‘ਪਲੰਬਰ’ ਨੇ ਬਚਾਈ FlyDubai ਦੇ ਜਹਾਜ਼ ‘ਚ ਸਵਾਰ 174 ਲੋਕਾਂ ਦੀ ਜਾਨ ! ਕਿਹਾ- ‘TV ਤੋਂ ਦੇਖ ਕੇ…’
Dubail, (ਆਵਾਜ਼ਿ ਕੌਮ ਬਿਊਰੋ)-ਬੁੱਧਵਾਰ ਨੂੰ ਦੁਬਈ ਤੋਂ ਇਜ਼ਰਾਈਲ ਜਾ ਰਹੀ ‘ਫ਼ਲਾਈਦੁਬਈ’ ਦੀ ਫਲਾਈਟ FZ1073 ‘ਚ ਵਾਪਰੀ ਹਿੰਸਕ ਘਟਨਾ ਦੌਰਾਨ 174 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਇਜ਼ਰਾਈਲੀ ਨਾਗਰਿਕ ਯਾਨੀਵ ਹਾਯੂਨ ਨਾਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਖ਼ਾਸ ਤੌਰ ‘ਤੇ ਮੁਲਾਕਾਤ ਕੀਤੀ। ਨੇਤਨਯਾਹੂ ਨੇ ਹਾਯੂਨ ਦੀ ਦਲੇਰੀ ਅਤੇ ਔਖ਼ੇ ਸਮੇਂ ਲਏ ਗਏ ਫੈਸਲੇ ਦੀ ਸ਼ਲਾਘਾ ਕਰਦਿਆਂ ਉਸ ਨੂੰ “ਅਸਲੀ ਹੀਰੋ” ਕਰਾਰ ਦਿੱਤਾ। ਇੱਕ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਦੱਸਿਆ ਕਿ ਜਦੋਂ ਕੋ-ਪਾਇਲਟ ਨੇ ਹਮਲਾ ਕਰ ਕੇ ਕੈਪਟਨ ਸਮਿਤ ਮੱਛਾਰ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ ਸੀ, ਤਾਂ ਲਹੂ-ਲੁਹਾਨ ਹੋਣ ਦੇ ਬਾਵਜੂਦ ਭਾਰਤੀ ਕੈਪਟਨ ਨੇ ਬਹਾਦਰੀ ਦਿਖਾਉਂਦੇ ਹੋਏ ਕਾਕਪਿਟ ਦਾ ਦਰਵਾਜ਼ਾ ਅਨਲੌਕ ਕਰ ਦਿੱਤਾ, ਜਿਸ ਨਾਲ ਯਾਤਰੀ ਅੰਦਰ ਆ ਵੜੇ ਤੇ ਉਨ੍ਹਾਂ ਨੇ ਆ ਕੇ ਹਮਲਾਵਰ ਪਾਇਲਟ ਨੂੰ ਕਾਬੂ ਕੀਤਾ। ਇਸ ਦੌਰਾਨ ਜਹਾਜ਼ ਤੇਜ਼ੀ ਨਾਲ ਹੇਠਾਂ ਡਿੱਗ ਰਿਹਾ ਸੀ ਅਤੇ ਯਾਤਰੀਆਂ ‘ਚ ਚੀਕ-ਚਿਹਾੜਾ ਮਚਿਆ ਹੋਇਆ ਸੀ। ਇਸ ਦੌਰਾਨ ਇਕ ਇਜ਼ਰਾਈਲੀ ਨਾਗਰਿਕ ਯਾਨੀਵ ਹਾਯੂਨ, ਜੋ ਕਿ ਪੇਸ਼ੇ ਤੋਂ ਇਕ ਪਲੰਬਰ ਹੈ, ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਕਾਕਪਿਟ ਵੱਲ ਦੌੜਿਆ। ਝਟਕਿਆਂ ਕਾਰਨ ਜਹਾਜ਼ ਦੇ ਹੇਠਾਂ ਡਿੱਗਣ ਦੇ ਬਾਵਜੂਦ ਹਾਯੂਨ ਕਾਕਪਿਟ ‘ਚ ਦਾਖਲ ਹੋਇਆ, ਜਿੱਥੇ ਹਮਲਾਵਰ ਪਾਇਲਟ ਜਹਾਜ਼ ਦੇ ਕੰਟਰੋਲ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਯੂਨ ਨੇ ਉਸ ਨੂੰ ਪਿੱਛੋਂ ਫੜ ਲਿਆ ਤੇ ਪਾਇਲਟ ਦੀ ਸੀਟ ‘ਤੇ ਬੈਠ ਕੇ ਕੰਟਰੋਲ ਸਟਿੱਕ ਨੂੰ ਪਿੱਛੇ ਖਿੱਚਿਆ ਅਤੇ ਜਹਾਜ਼ ਨੂੰ ਬੈਲੇਂਸ ਕੀਤਾ। ਇਸ ਤੋਂ ਬਾਅਦ ਹੋਰ ਯਾਤਰੀ ਵੀ ਅੱਗੇ ਆਏ, ਜਿਨ੍ਹਾਂ ਦੀ ਮਦਦ ਨਾਲ ਹਮਲਾਵਰ ਨੂੰ ਪੂਰੀ ਤਰ੍ਹਾਂ ਕਾਬੂ ਕਰ ਕੇ ਬੰਨ੍ਹਿਆ ਗਿਆ।\ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਾਯੂਨ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਦੱਸਿਆ, “ਮੈਂ ਯਾਨੀਵ ਤੋਂ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ ? ਉਸ ਨੇ ਬੜੀ ਸਾਦਗੀ ਨਾਲ ਜਵਾਬ ਦਿੱਤਾ, ‘ਮੈਂ ਇੱਕ ਪਲੰਬਰ ਹਾਂ, ਮੈਂ ਸੀਵਰੇਜ ਅਤੇ ਪਾਈਪਾਂ ਦਾ ਕੰਮ ਕਰਦਾ ਹਾਂ।’ ਇਹ ਸੁਣ ਕੇ ਮੈਂ ਹੱਸ ਕੇ ਕਿਹਾ- ‘ਤੁਸੀਂ ਇਸ ਵਾਰ ਬਹੁਤ ਵੱਡੀ ਆਫ਼ਤ ਦੀ ਜਾਮ ਖੋਲ੍ਹ ਦਿੱਤੀ ਹੈ।” ਜਦੋਂ ਨੇਤਨਯਾਹੂ ਨੇ ਪੁੱਛਿਆ ਕਿ ਅਜਿਹੇ ਖ਼ੌਫ਼ਨਾਕ ਮਾਹੌਲ ‘ਚ ਉਸ ਨੇ ਇਹ ਹਿੰਮਤ ਕਿਵੇਂ ਜੁਟਾਈ, ਤਾਂ ਹਾਯੂਨ ਨੇ ਕਿਹਾ, “ਮੈਨੂੰ ਇਹ ਕਰਨਾ ਹੀ ਪੈਣਾ ਸੀ। ਮੇਰਾ ਪਰਿਵਾਰ ਅਤੇ 174 ਯਾਤਰੀ ਉੱਥੇ ਸਨ, ਮੈਂ ਬਸ ਉਨ੍ਹਾਂ ਦੀ ਜਾਨ ਬਚਾਉਣੀ ਸੀ। ਇਹ ਮੇਰਾ ਫ਼ਰਜ਼ ਸੀ। ਮੈਂ ਟੀ.ਵੀ. ‘ਤੇ ਵੇਖਿਆ ਸੀ ਕਿ ਇਸ ਤਰ੍ਹਾਂ ਕੰਟਰੋਲ ਸਟਿੱਕ ਨੂੰ ਪਿੱਛੇ ਖਿੱਚਣ ਨਾਲ ਜਹਾਜ਼ ਸਿੱਧਾ ਹੋ ਜਾਂਦਾ ਹੈ ਤੇ ਕ੍ਰੈਸ਼ ਹੋਣ ਤੋਂ ਬਚ ਜਾਂਦਾ ਹੈ। ਮੈਂ ਇੰਝ ਹੀ ਕੀਤਾ।” ਇੰਟਰਵਿਊ ਦੌਰਾਨ ਜਦੋਂ ਨੇਤਨਯਾਹੂ ਤੋਂ ਪੁੱਛਿਆ ਗਿਆ ਕਿ ਕੀ ਇਸ ਹਮਲੇ ਪਿੱਛੇ ਇਰਾਨ ਦਾ ਹੱਥ ਸੀ, ਤਾਂ ਉਨ੍ਹਾਂ ਕਿਹਾ, “ਫਿਲਹਾਲ ਅਜਿਹਾ ਕਹਿਣਾ ਜਲਦਬਾਜ਼ੀ ਹੋਵੇਗਾ। ਹਮਲਾਵਰ ਪਾਇਲਟ ਤੋਂ ਸਾਊਦੀ ਅਰਬ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਅਸੀਂ ਇਸ ਮਾਮਲੇ ਦੀ ਜੜ੍ਹ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਦਾ ਜਹਾਜ਼ ‘ਚ ਕੋਈ ਸਾਥੀ ਵੀ ਸੀ ਜਾਂ ਨਹੀਂ।” ਨੇਤਨਯਾਹੂ ਨੇ ਅੱਗੇ ਕਿਹਾ, “ਜੇ ਭਾਰਤੀ ਕੈਪਟਨ ਸਮਿਤ ਮੱਛਾਰ, ਇਜ਼ਰਾਈਲੀ ਨਾਗਰਿਕ ਯਾਨੀਵ ਹਾਯੂਨ ਅਤੇ ਬਾਕੀ ਕ੍ਰੂ ਮੈਂਬਰ ਦਲੇਰੀ ਨਾ ਦਿਖਾਉਂਦੇ, ਤਾਂ ਅਸੀਂ 9/11 ਵਰਗਾ ਇਕ ਹੋਰ ਭਿਆਨਕ ਹਾਦਸਾ ਦੇਖਦੇ। ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੇ ਮਿਲ ਕੇ ਇੱਕ ਵੱਡੀ ਤਬਾਹੀ ਰੋਕ ਲਈ।”

