Pollution changes the style of weddings in Delhi; arrangements range from air purifiers to masks
ਪ੍ਰਦੂਸ਼ਣ ਨੇ ਦਿੱਲੀ ’ਚ ਬਦਲਿਆ ਵਿਆਹਾਂ ਦਾ ਅੰਦਾਜ਼, ਏਅਰ ਪਿਊਰੀਫਾਇਰ ਤੋਂ ਲੈ ਕੇ ਮਾਸਕ ਤੱਕ ਦਾ ਇੰਤਜ਼ਾਮ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਫੁੱਲਾਂ ਦੀ ਸਜਾਵਟ ਤਿਆਰ ਹੈ, ਖਾਣੇ ਦਾ ਮੈਨਿਊ ਤੈਅ ਹੋ ਚੁੱਕਾ ਹੈ ਅਤੇ ਵਿਆਹ ਦੇ ਪਹਿਰਾਵੇ ਵੀ ਤਿਆਰ ਹਨ। ਪਰ ਦਿੱਲੀ ਵਿਚ ਸਰਦੀਆਂ ਦੇ ਵਿਆਹਾਂ ਦਾ ਸੀਜ਼ਨ ਅਤੇ ਵਿਗੜਦੀ ਹਵਾ ਦੀ ਗੁਣਵੱਤਾ ਇਕੋ ਸਮੇਂ ਦਸਤਕ ਦੇ ਰਹੇ ਹਨ। ਅਜਿਹੇ ਵਿਚ ਪਰਿਵਾਰਾਂ ਨੇ ਵਿਆਹ ਦੀਆਂ ਤਿਆਰੀਆਂ ਦੀ ਸੂਚੀ ਵਿਚ ਇਕ ਹੋਰ ਚੀਜ਼ ਜੋੜ ਦਿੱਤੀ ਹੈ ਅਤੇ ਉਹ ਹੈ ਪ੍ਰਦੂਸ਼ਣ ਤੋਂ ਬਚਾਅ ਦਾ ਇੰਤਜ਼ਾਮ। ਲੁਟੀਅਨਜ਼ ਦਿੱਲੀ ਦੇ ਇਕ ਫਾਈਵ ਸਟਾਰ ਹੋਟਲ ਵਿਚ ਅਕਤੂਬਰ ਦੇ ਅੱਧ ਵਿਚ ਵਿਆਹ ਦਾ ਜਸ਼ਨ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ। ਫੁੱਲਾਂ ਦੀ ਸਜਾਵਟ, ਲਜ਼ੀਜ਼ ਪਕਵਾਨਾਂ ਅਤੇ ਜਸ਼ਨ ਦੇ ਮਾਹੌਲ ਦਰਮਿਆਨ ਇਕ ਪਰਿਵਾਰ ਨੇ ਆਪਣੀਆਂ ਤਿਆਰੀਆਂ ਦੀ ਸੂਚੀ ਵਿਚ ਇਕ ਅਸਾਧਾਰਨ ਚੀਜ਼ ਵੀ ਸ਼ਾਮਲ ਕੀਤੀ ਸੀ ਅਤੇ ਉਹ ਸੀ ਏਅਰ ਪਿਊਰੀਫਾਇਰ। ‘ਵਿਵਾਹ ਲਗਜ਼ਰੀ ਵੈਡਿੰਗਜ਼’ ਦੇ ਮੋਹਸਿਨ ਖ਼ਾਨ ਨੇ ਦੱਸਿਆ ਕਿ ਕੈਨੇਡਾ ਦੇ ਵੈਨਕੂਵਰ ਤੋਂ ਆਈ ਲਾੜੀ ਦੇ ਪਰਿਵਾਰ ਨੇ ਦਿੱਲੀ ਦੀ ਖ਼ਰਾਬ ਹਵਾ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ ਅਤੇ ਵਿਆਹ ਦੇ ਪ੍ਰਬੰਧਕਾਂ ਨੂੰ ਰਿਹਾਇਸ਼ੀ ਕੰਪਲੈਕਸ ਵਿਚ ਏਅਰ ਪਿਊਰੀਫਾਇਰ ਲਗਾਉਣ ਦਾ ਪ੍ਰਬੰਧ ਕਰਨ ਲਈ ਕਿਹਾ ਸੀ। ਖ਼ਾਨ ਨੇ ਕਿਹਾ ਕਿ ਵਿਆਹਾਂ ਦੇ ਇਸ ਸੀਜ਼ਨ ਵਿਚ ਇਸ ਤਰ੍ਹਾਂ ਦੀ ਮੰਗ ਹੁਣ ਪ੍ਰਬੰਧਕਾਂ ਲਈ ਅਸਾਧਾਰਨ ਨਹੀਂ ਰਹਿ ਗਈ ਹੈ। ਹਾਲਾਂਕਿ, ਸਿਰਫ਼ ਆਰਥਿਕ ਤੌਰ ’ਤੇ ਖੁਸ਼ਹਾਲ ਪਰਿਵਾਰ ਹੀ ਏਅਰ ਪਿਊਰੀਫਾਇਰ ਦਾ ਖ਼ਰਚਾ ਚੁੱਕ ਸਕਦੇ ਹਨ, ਪਰ ਇਨਡੋਰ ਸਮਾਗਮ, ਚਿਹਰੇ ’ਤੇ ਮਾਸਕ ਅਤੇ ਇੱਥੋਂ ਤੱਕ ਕਿ ਵਿਆਹ ਦੇ ਪਹਿਰਾਵਿਆਂ ਨਾਲ ਮੇਲ ਖਾਂਦੇ ਮਾਸਕ ਵੀ ਰਾਜਧਾਨੀ ਵਿਚ ਵਿਆਹ ਸਮਾਗਮਾਂ ਦਾ ਹਿੱਸਾ ਬਣਦੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਨਵੰਬਰ ਅਤੇ ਦਸੰਬਰ ਵਿਆਹਾਂ ਦੇ ਮੁੱਖ ਮਹੀਨੇ ਹੁੰਦੇ ਹਨ।

