Pratap Bajwa’s 45-minute meeting with Bhupesh Baghel, made a big statement regarding internal strife
ਪ੍ਰਤਾਪ ਬਾਜਵਾ ਦੀ ਭੂਪੇਸ਼ ਬਘੇਲ ਨਾਲ 45 ਮਿੰਟ ਮੀਟਿੰਗ, ਅੰਦਰੂਨੀ ਕਲੇਸ਼ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਵਿਚਾਲੇ ਸੂਬਾ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਪੰਜਾਬ ਦੌਰੇ ‘ਤੇ ਆਏ ਹਨ, ਇਸ ਦਰਮਿਆਨ ਬਘੇਲ ਏਅਰਪੋਰਟ ‘ਤੇ ਉਤਰਣ ਤੋਂ ਬਾਅਦ ਸਿੱਧਾ ਪ੍ਰਤਾਪ ਸਿੰਘ ਬਾਜਵਾ ਦੇ ਘਰ ਗਏ, ਜਿੱਥੇ ਦੋਵਾਂ ਆਗੂਆਂ ਵਿਚਾਲੇ ਲੱਗਭਗ 45 ਮਿੰਟ ਤੱਕ ਗੱਲਬਾਤ ਹੋਈ। ਇਸ ਉਪਰੰਤ ਬਾਜਵਾ ਨੇ ਕਿਹਾ ਕਿ ਬਘੇਲ ਪੰਜ ਦਿਨ ਤੱਕ ਪੰਜਾਬ ਰਹਿਣਗੇ ਅਤੇ ਇਸ ਦਰਮਿਆਨ ਕਾਂਗਰਸੀ ਲੀਡਰਾਂ ਵਿਚਾਲੇ ਚੱਲ ਰਹੇ ਸਾਰੇ ਮੱਤਭੇਦ ਖ਼ਤਮ ਕੀਤੇ ਜਾਣਗੇ। ਬਾਜਵਾ ਨੇ ਇਹ ਵੀ ਕਿਹਾ ਕਿ ਜੇਕਰ ਅਮਰੀਕਾ-ਇਰਾਨ ਟੇਬਲ “ਤੇ ਬੈਠ ਕੇ ਗੱਲਬਾਤ ਕਰ ਸਕਦੇ ਹਨ ਤਾਂ ਇਹ ਵਾਲਾ ਮਸਲਾ ਕਿੰਨਾ ਕੁ ਵੱਡਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਦੱਸਿਆ ਕਿ ਚੰਡੀਗੜ੍ਹ ਪਹੁੰਚਣ ਤੋਂ ਬਾਅਦ ਬਘੇਲ ਸਿੱਧਾ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ ਹਨ। ਜਿੱਥੇ ਲਗਭਗ 45 ਮਿੰਟ ਤੱਕ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਆਉਣ ਵਾਲੀਆਂ ਚੋਣਾਂ ਅਤੇ ਕਾਂਗਰਸ ਨੂੰ ਦਰਪੇਸ਼ ਮੁਸ਼ਕਲਾਂ, ਚੁਣੌਤੀਆਂ ਬਾਰੇ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਆਗੂ ਦਾ ਕੋਈ ਮੱਤਭੇਦ ਹੈ ਤਾਂ ਉਹ ਦੂਰ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਚੋਣ ਮੈਦਾਨ ਵਿਚ ਉਤਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਆਗੂ ਪਾਰਟੀ ਹਾਈਕਮਾਂਡ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਬਘੇਲ ਉਨ੍ਹਾਂ ਦੀ ਗੱਲਬਾਤ ਸੁਣ ਕੇ ਮੀਟਿੰਗ ਕਰਵਾਉਣਗੇ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਬਦਲ ਚਾਹੁੰਦੇ ਹਨ, ਸ਼ਾਂਤੀ ਚਾਹੁੰਦੇ ਹਨ ਤੇ ਪੰਜਾਬ ਵਿਚ ਸਿਰਫ ਕਾਂਗਰਸ ਦੀ ਸਰਕਾਰ ਵੇਲੇ ਹੀ ਸ਼ਾਂਤੀ ਆਈ ਹੈ।

