Pro-Khalistan slogans written ahead of US Ambassador Sergio Gor’s visit to Amritsar
ਅਮਰੀਕੀ ਰਾਜਦੂਤ ਸਰਜੀਓ ਗੋਰ ਦੇ ਅੰਮ੍ਰਿਤਸਰ ਦੌਰੇ ਤੋਂ ਪਹਿਲਾਂ ਲਿਖੇ ਖਾਲਿਸਤਾਨ ਪੱਖੀ ਨਾਅਰੇ *ਰੇਲਵੇ ਸਟੇਸ਼ਨ, ਹਾਲ ਗੇਟ ਤੇ ਭੰਡਾਰੀ ਪੁਲ ’ਤੇ ਲਿਖਿਆ ‘ਰਾਜਦੂਤ ਗੋਰ ਦਾ ਸੁਆਗਤ ਹੈ, ਪਰ ਪੰਜਾਬ ਭਾਰਤ ਨਹੀਂ’ *ਪੰਨੂੰ ਵੱਲੋਂ ਅਮਰੀਕੀ ਰਾਜਦੂਤ ਨੂੰ ਸ਼ਹੀਦੀ ਗੈਲਰੀ ਦੇਖਣ ਦੀ ਅਪੀਲ
ਲੰਡਨ (ਸਰਬਜੀਤ ਸਿੰਘ ਬਨੂੜ) – ਅਮਰੀਕੀ ਰਾਜਦੂਤ ਸਰਜੀਓ ਗੋਰ ਦੇ 28 ਸਤੰਬਰ ਨੂੰ ਅੰਮ੍ਰਿਤਸਰ ਦੇ ਪ੍ਰਸਤਾਵਿਤ ਦੌਰੇ ਤੋਂ ਪਹਿਲਾਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖਸ ਫਾਰ ਜਸਟਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਰੇਲਵੇ ਸਟੇਸ਼ਨ, ਹਾਲ ਗੇਟ ਅਤੇ ਭੰਡਾਰੀ ਪੁਲ ’ਤੇ ਅਮਰੀਕੀ ਰਾਜਦੂਤ ਨੂੰ ਸੰਬੋਧਨ ਕਰਦਿਆਂ ਨਾਅਰੇ ਲਿਖੇ ਗਏ ਹਨ।
ਇਨ੍ਹਾਂ ਵਿੱਚ ‘ਰਾਜਦੂਤ ਗੋਰ ਦਾ ਸੁਆਗਤ ਹੈ ਪਰ ਪੰਜਾਬ ਭਾਰਤ ਨਹੀਂ’, ‘ਟਰੰਪ-ਅਮਰੀਕਾ ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਪੰਜਾਬ ਦਾ ਹੱਲ ਖਾਲਿਸਤਾਨ’ ਵਰਗੇ ਨਾਅਰੇ ਸ਼ਾਮਲ ਹਨ।
ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਲਿਖੇ ਗਏ ਇਨ੍ਹਾਂ ਨਾਅਰਿਆਂ ਰਾਹੀਂ ਅਮਰੀਕੀ ਰਾਜਦੂਤ ਨੂੰ ਸਿੱਧਾ ਸੁਨੇਹਾ ਦਿੱਤਾ ਗਿਆ ਹੈ ਕਿ ਖਾਲਿਸਤਾਨ ਸਮਰਥਕ ਪੰਜਾਬ ਦੇ ਭਵਿੱਖ ਦਾ ਫ਼ੈਸਲਾ ਪੰਜਾਬ ਦੇ ਲੋਕਾਂ ਵੱਲੋਂ ਰਾਏਸ਼ੁਮਾਰੀ ਰਾਹੀਂ ਕਰਵਾਉਣ ਦੀ ਮੰਗ ਕਰ ਰਹੇ ਹਨ। ਪੰਨੂੰ ਨੇ ਇਸ ਮੰਗ ਲਈ ਅਮਰੀਕਾ ਤੋਂ ਸਮਰਥਨ ਦੀ ਅਪੀਲ ਵੀ ਕੀਤੀ।
ਪੰਨੂੰ ਨੇ ਸਰਜੀਓ ਗੋਰ ਨੂੰ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸ਼ਹੀਦੀ ਗੈਲਰੀ ਦਾ ਦੌਰਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਉਹ ਜੂਨ 1984 ਦੇ ਫੌਜੀ ਹਮਲੇ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੋਏ ਨੁਕਸਾਨ ਅਤੇ ਉਸ ਦੌਰ ਦੇ ਸਿੱਖ ਇਤਿਹਾਸ ਨਾਲ ਜੁੜੇ ਪਹਿਲੂਆਂ ਬਾਰੇ ਜਾਣ ਸਕਣਗੇ।
ਸਿੱਖਸ ਫਾਰ ਜਸਟਿਸ ਨੇ ਆਪਣੇ ਬਿਆਨ ਵਿੱਚ ਜੂਨ 1984 ਦੇ ਫੌਜੀ ਹਮਲੇ ਅਤੇ ਨਵੰਬਰ 1984 ਦੌਰਾਨ ਸਿੱਖਾਂ ਵਿਰੁੱਧ ਹੋਈ ਹਿੰਸਾ ਦਾ ਵੀ ਹਵਾਲਾ ਵੀ ਦਿੱਤਾ ਗਿਆ।
ਸਿੱਖਸ ਫਾਰ ਜਸਟਿਸ ਨੇ ਆਪਣੀ ਮੌਜੂਦਾ ਮੁਹਿੰਮ ਨੂੰ ‘ਗੋਲੀਆਂ ਤੋਂ ਵੋਟਾਂ ਤੱਕ’ ਦਾ ਨਾਅਰਾ ਦਿੰਦਿਆਂ ਕਿਹਾ ਹੈ ਕਿ 1980 ਅਤੇ 1990 ਦੇ ਦਹਾਕਿਆਂ ਦੇ ਹਥਿਆਰਬੰਦ ਦੌਰ ਦੇ ਉਲਟ ਹੁਣ ਖਾਲਿਸਤਾਨ ਦੀ ਮੰਗ ਨੂੰ ਵੋਟ ਅਤੇ ਰਾਏਸ਼ੁਮਾਰੀ ਦੇ ਰਾਹੀਂ ਅੱਗੇ ਵਧਾਇਆ ਜਾ ਰਿਹਾ ਹੈ।
ਪੰਨੂੰ ਨੇ ਕਿਹਾ ਕਿ ਸਿੱਖਾਂ ਨੂੰ ਸਵੈ-ਨਿਰਣੇ ਦਾ ਹੱਕ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਜਥੇਬੰਦੀ ਇਸ ਮੰਗ ਨੂੰ ਖਾਲਿਸਤਾਨ ਰਾਏਸ਼ੁਮਾਰੀ ਰਾਹੀਂ ਸ਼ਾਂਤਮਈ ਅਤੇ ਲੋਕਤੰਤਰੀ ਢੰਗ ਨਾਲ ਅੱਗੇ ਲੈ ਕੇ ਜਾ ਰਹੀ ਹੈ।
ਉਸ ਨੇ ਪੰਜਾਬ ਵਿੱਚ ਨਸ਼ਿਆਂ, ਕਰਜ਼ੇ ਅਤੇ ਜਨਸੰਖਿਆ ਵਿੱਚ ਤਬਦੀਲੀ ਨੂੰ ਵੀ ਗੰਭੀਰ ਮੁੱਦੇ ਦੱਸਦਿਆਂ ਇਨ੍ਹਾਂ ਨੂੰ ਪੰਜਾਬ ਅਤੇ ਸਿੱਖਾਂ ਦੇ ਭਵਿੱਖ ਨਾਲ ਜੋੜਿਆ। ਪੰਨੂੰ ਨੇ ਕਿਹਾ ਕਿ ਖਾਲਿਸਤਾਨ ਰਾਏਸ਼ੁਮਾਰੀ ਦੀ ਅਗਲੀ ਵੋਟਿੰਗ 18 ਅਕਤੂਬਰ ਨੂੰ ਐਡਮਿੰਟਨ, ਅਲਬਰਟਾ, ਕੈਨੇਡਾ ਵਿੱਚ ਕਰਵਾਈ ਜਾਵੇਗੀ।

