ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ’ਤੇ ਗੋਲੀਬਾਰੀ ਕਰਕੇ ਗ੍ਰਿਫਤ ’ਚੋਂ ਫਰਾਰ, ਹਰਿਆਣਾ ਦੇ ਕਰਨਾਲ ’ਚ ਘਟਨਾ, ਪੁਲਿਸ ਮੁਲਾਜ਼ਮ ਜ਼ਖਮੀ, ਸਕਾਰਪੀਓ ’ਚ ਸਾਥੀਆਂ ਸਣੇ ਭੱਜਿਆ

ਕਰਨਾਲ, 2 ਸਤੰਬਰ 2025 ਪੰਜਾਬ ਦੇ ਸਨੌਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਹਰਿਆਣਾ ਦੇ ਕਰਨਾਲ ’ਚ ਪੁਲਿਸ ਦੀ ਗ੍ਰਿਫਤ ’ਚੋਂ ਡਰਾਮਾਈ ਢੰਗ ਨਾਲ ਫਰਾਰ ਹੋਣ ਦੀ ਘਟਨਾ ਨੇ ਸਿਆਸੀ ਅਤੇ ਸਮਾਜਿਕ ਹਲਕਿਆਂ ’ਚ ਹਲਚਲ ਮਚਾ ਦਿੱਤੀ ਹੈ। ਪਠਾਣਮਾਜਰਾ ’ਤੇ ਜ਼ੀਰਕਪੁਰ ਦੀ ਇੱਕ ਔਰਤ ਦੀ ਸ਼ਿਕਾਇਤ ’ਤੇ ਬਲਾਤਕਾਰ, ਧੋਖਾਧੜੀ ਅਤੇ ਅਪਰਾਧਿਕ ਧਮਕੀਆਂ ਦੇ ਦੋਸ਼ ਅਧੀਨ ਐਫਆਈਆਰ ਦਰਜ ਸੀ। ਪੁਲਿਸ ਸੂਤਰਾਂ ਮੁਤਾਬਕ, ਕਰਨਾਲ ਦੇ ਡਬਰੀ ਪਿੰਡ ’ਚ ਵਿਧਾਇਕ ਅਤੇ ਉਸ ਦੇ ਸਾਥੀਆਂ ਨੇ ਪੁਲਿਸ ’ਤੇ ਗੋਲੀਬਾਰੀ ਕੀਤੀ, ਜਿਸ ’ਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਪਠਾਣਮਾਜਰਾ ਨੇ ਪੁਲਿਸ ’ਤੇ ਸਕਾਰਪੀਓ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਸਕਾਰਪੀਓ ਅਤੇ ਫਾਰਚੂਨਰ ਗੱਡੀਆਂ ’ਚ ਸਾਥੀਆਂ ਸਮੇਤ ਫਰਾਰ ਹੋ ਗਿਆ।
ਪੁਲਿਸ ਨੇ ਫਾਰਚੂਨਰ ਗੱਡੀ ਜ਼ਬਤ ਕਰਕੇ ਉਸ ’ਚੋਂ ਤਿੰਨ ਹਥਿਆਰ ਬਰਾਮਦ ਕੀਤੇ, ਪਰ ਵਿਧਾਇਕ ਸਕਾਰਪੀਓ ’ਚ ਆਪਣੇ ਸਾਥੀਆਂ ਸਣੇ ਫਰਾਰ ਹੋਣ ’ਚ ਕਾਮਯਾਬ ਰਿਹਾ। ਘਟਨਾ ਡਬਰੀ ਪਿੰਡ ’ਚ ਵਾਪਰੀ, ਜਿੱਥੇ ਪਠਾਣਮਾਜਰਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੇ ਮੈਂਬਰ ਗੁਰਨਾਮ ਸਿੰਘ ਲਾਡੀ ਦੇ ਘਰ ਲੁਕਿਆ ਹੋਇਆ ਸੀ। ਪਟਿਆਲਾ ਅਤੇ ਕਰਨਾਲ ਪੁਲਿਸ ਦੀ ਸੰਯੁਕਤ ਟੀਮ ਨੇ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ, ਪਰ ਸਥਾਨਕ ਸਮਰਥਕਾਂ ਦੀ ਮਦਦ ਨਾਲ ਵਿਧਾਇਕ ਦੀਵਾਰ ਟੱਪ ਕੇ ਭੱਜਣ ’ਚ ਸਫਲ ਰਿਹਾ। ਪੁਲਿਸ ਨੇ ਵਿਧਾਇਕ ਦਾ ਪਿੱਛਾ ਕਰਨ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਹਨ।
ਪਠਾਣਮਾਜਰਾ ਨੇ ਗ੍ਰਿਫਤਾਰੀ ਤੋਂ ਪਹਿਲਾਂ ਫੇਸਬੁੱਕ ਲਾਈਵ ’ਤੇ ਦੋਸ਼ ਲਾਇਆ ਕਿ ਇਹ ਕੇਸ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ। ਉਹਨਾਂ ਨੇ ਕਿਹਾ, “ਦਿੱਲੀ ਦੀ ਆਪ ਲੀਡਰਸ਼ਿਪ ਪੰਜਾਬ ’ਤੇ ਗੈਰ-ਕਾਨੂੰਨੀ ਢੰਗ ਨਾਲ ਰਾਜ ਕਰ ਰਹੀ ਹੈ। ਮੈਂ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਉਠਾਉਂਦਾ ਰਹਾਂਗਾ।” ਉਹਨਾਂ ਦੇ ਵਕੀਲ ਸਿਮਰਨਜੀਤ ਸਿੰਘ ਸੱਗੂ ਨੇ ਦਾਅਵਾ ਕੀਤਾ ਕਿ ਸ਼ਿਕਾਇਤਕਰਤਾ ਔਰਤ ਨੇ ਅਦਾਲਤ ’ਚ ਸਵੀਕਾਰ ਕੀਤਾ ਸੀ ਕਿ ਉਹ ਪਠਾਣਮਾਜਰਾ ਨਾਲ ਲਿਵ-ਇਨ ਸਬੰਧ ’ਚ ਸੀ, ਅਤੇ ਦੋਸ਼ ਝੂਠੇ ਹਨ।
ਇਸ ਤੋਂ ਪਹਿਲਾਂ, ਪਠਾਣਮਾਜਰਾ ਨੇ ਪੰਜਾਬ ਸਰਕਾਰ ਅਤੇ ਵਾਟਰ ਰਿਸੋਰਸਿਜ਼ ਦੇ ਅਧਿਕਾਰੀਆਂ ’ਤੇ ਹੜ੍ਹਾਂ ਦੀ ਰੋਕਥਾਮ ਲਈ ਪ੍ਰਬੰਧ ਨਾ ਕਰਨ ਦਾ ਦੋਸ਼ ਲਾਇਆ ਸੀ, ਜਿਸ ਕਾਰਨ ਉਹਨਾਂ ਦੀ ਸੁਰੱਖਿਆ ਵਾਪਸ ਲਈ ਗਈ ਅਤੇ ਸਨੌਰ ਦੇ ਸਾਰੇ SHOs ਦਾ ਤਬਾਦਲਾ ਕਰ ਦਿੱਤਾ ਗਿਆ।

