Punjabi boy’s car falls on airport rail track, train had to be stopped, officers gasp for breath
ਪੰਜਾਬੀ ਮੁੰਡੇ ਦਾ ਕਾਰਾ ! ਏਅਰਪੋਰਟ ਦੇ ਰੇਲ ਟਰੈਕ ‘ਤੇ ਪੈ ਗਿਆ ਲੰਮਾ, ਰੋਕਣੀ ਪਈ ਟਰੇਨ, ਅਫਸਰਾਂ ਦੇ ਸੁੱਕੇ ਸਾਹ
Toranto, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ (YVR) ਸਥਿਤ ‘ਕੈਨੇਡਾ ਲਾਈਨ’ ਦੇ ਸਕਾਈ-ਟਰੇਨ ਟਰੈਕ ‘ਤੇ ਇੱਕ ਪੰਜਾਬੀ ਨੌਜਵਾਨ ਨੇ ਬੈਠ ਕੇ ਰੱਝ ਕੇ ਹੰਗਾਮਾ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਸ ਦੀ ਇਸ ਹਰਕਤ ਕਾਰਨ ਏਅਰਪੋਰਟ ਦੀ ਟਰੇਨ ਸੇਵਾ ਕਾਫ਼ੀ ਦੇਰ ਤੱਕ ਪ੍ਰਭਾਵਿਤ ਰਹੀ, ਜਿਸ ਕਾਰਨ ਸੁਰੱਖਿਆ ਕਰਮਚਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚਣਾ ਪਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਪੰਜਾਬੀ ਨੌਜਵਾਨ ਰਿਚਮੰਡ ਸਥਿਤ YVR ਏਅਰਪੋਰਟ ਸਟੇਸ਼ਨ ਦੇ ਟਰੈਕ ‘ਤੇ ਬੈਠਾ ਹੈ। ਜਦੋਂ ਉਸ ਨੂੰ ਟਰੈਕ ਤੋਂ ਹਟਣ ਲਈ ਕਿਹਾ ਜਾਂਦਾ ਹੈ ਤਾਂ ਉਹ ਇਨਕਾਰ ਕਰ ਦਿੰਦਾ ਹੈ ਤੇ ਨਾਅਰੇਬਾਜ਼ੀ ਕਰਦਾ ਹੋਇਆ ਰੌਲਾ ਪਾਉਣ ਲੱਗਦਾ ਹੈ, ਜਿਸ ਕਾਰਨ ਸੁਰੱਖਿਆ ਕਰਮਚਾਰੀਆਂ ਨੂੰ ਉਸ ਨੂੰ ਕਾਬੂ ਕਰਨ ਲਈ ਦਖ਼ਲ ਦੇਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ YVR-ਏਅਰਪੋਰਟ ਸਟੇਸ਼ਨ ‘ਕੈਨੇਡਾ ਲਾਈਨ’ ਦਾ ਅੰਤਿਮ ਸਟੇਸ਼ਨ ਹੈ। ਇਹ ਸਟੇਸ਼ਨ ‘ਸਿੰਗਲ ਟਰੈਕ’ ਹੋਣ ਕਾਰਨ ਟਰੈਕ ‘ਤੇ ਕਿਸੇ ਵਿਅਕਤੀ ਦੇ ਆਉਣ ਨਾਲ ਟਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੁਕ ਜਾਂਦੀ ਹੈ। ਟ੍ਰਾਂਸਲਿੰਕ ਦੇ ਟਾਈਮ ਟੇਬਲ ਅਨੁਸਾਰ, ਇਹ ਟਰੇਨ ਵਾਟਰਫ੍ਰੰਟ ਸਟੇਸ਼ਨ ਤੋਂ YVR-ਏਅਰਪੋਰਟ ਵਿਚਕਾਰ ਚੱਲਦੀ ਹੈ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਟ੍ਰਾਂਸਲਿੰਕ ਜਾਂ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਸ ਦੁਆਰਾ ਇਸ ਘਟਨਾ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਵਾਇਰਲ ਵੀਡੀਓਜ਼ ‘ਚ ਦੇਖਿਆ ਜਾ ਸਕਦਾ ਹੈ ਕਿ ਸੁਰੱਖਿਆ ਅਧਿਕਾਰੀਆਂ ਨੇ ਨੌਜਵਾਨ ਨੂੰ ਟਰੈਕ ਤੋਂ ਹੇਠਾਂ ਉਤਾਰ ਕੇ ਉਸ ਨੂੰ ਕਾਬੂ ਕਰ ਲਿਆ ਹੈ। ਫਿਲਹਾਲ ਅੱਗੇ ਕੀ ਕਾਰਵਾਈ ਹੁੰਦੀ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

