Punjabis participate in San Francisco Marathon’s 5K Double Challenge with great enthusiasm
ਸੈਨ ਫਰਾਂਸਿਸਕੋ ਮੈਰਾਥਨ ਦੇ 5K ਡਬਲ ਚੈਲੈਂਜ ‘ਚ ਪੰਜਾਬੀਆਂ ਦੀ ਸ਼ਾਨਦਾਰ ਭਾਗੀਦਾਰੀ
ਸੈਨ ਫਰਾਂਸਿਸਕੋ (ਕੈਲੀਫੋਰਨੀਆ) (ਆਵਾਜ਼ਿ ਕੌਮ ਬਿਊਰੋ)-ਸੈਨ ਫਰਾਂਸਿਸਕੋ ਵਿਖੇ ਕਰਵਾਈ ਗਈ 49ਵੀਂ ਸੈਨ ਫਰਾਂਸਿਸਕੋ ਮੈਰਾਥਨ ਦੇ 5K ਡਬਲ ਚੈਲੈਂਜ ਵਿੱਚ ਪੰਜਾਬੀ ਭਾਈਚਾਰੇ ਦੇ ਕਈ ਮੈਂਬਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਈਚਾਰੇ ਦਾ ਮਾਣ ਵਧਾਇਆ। ਇਹ ਡਬਲ ਚੈਲੈਂਜ ਸ਼ਨੀਵਾਰ ਅਤੇ ਐਤਵਾਰ ਲਗਾਤਾਰ ਦੋ ਦਿਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦੁਨੀਆ ਭਰ ਤੋਂ ਲਗਭਗ 45 ਹਜ਼ਾਰ ਦੌੜਾਕਾਂ ਨੇ ਭਾਗ ਲਿਆ। 74 ਸਾਲਾ ਸਤਿਕਾਰਯੋਗ ਸ਼ਮਸ਼ੇਰ ਸਿੰਘ ਨੇ ਆਪਣੀ ਦ੍ਰਿੜ੍ਹ ਇੱਛਾ-ਸ਼ਕਤੀ ਅਤੇ ਜੋਸ਼ ਨਾਲ ਇਹ ਸਾਬਤ ਕਰ ਦਿੱਤਾ ਕਿ ਉਮਰ ਨਹੀਂ, ਸਗੋਂ ਹੌਸਲਾ ਇਨਸਾਨ ਦੀ ਅਸਲ ਤਾਕਤ ਹੁੰਦਾ ਹੈ। ਉਨ੍ਹਾਂ ਦੀ ਭਾਗੀਦਾਰੀ ਨੇ ਨੌਜਵਾਨਾਂ ਨੂੰ ਵੀ ਤੰਦਰੁਸਤ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸੇ ਦੌਰਾਨ ਭਾਈ ਦਰਸ਼ਨ ਸਿੰਘ ਮੈਨਟੀਕਾ ਨੇ 5 ਕਿਲੋਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ, ਜਦਕਿ ਕਮਲਜੀਤ ਸਿੰਘ ਬੈਨੀਪਾਲ ਨੇ ਵੀ 5K ਡਬਲ ਚੈਲੈਂਜ ਨੂੰ ਸਫਲਤਾਪੂਰਵਕ ਪੂਰਾ ਕਰਕੇ ਸ਼ਲਾਘਾਯੋਗ ਪ੍ਰਾਪਤੀ ਕੀਤੀ। ਇਸ ਯਾਦਗਾਰ ਰੇਸ ਵਿੱਚ ਮੈਨਟੀਕਾ ਦੀ ਬਹੁਪੱਖੀ ਸ਼ਖ਼ਸੀਅਤ ਸ. ਰਜਿੰਦਰ ਸਿੰਘ ਸੇਖੋਂ ਨੇ ਵੀ ਭਾਗ ਲੈ ਕੇ ਇਸ ਚੈਲੈਂਜ ਨੂੰ ਸਫਲਤਾਪੂਰਵਕ ਪੂਰਾ ਕੀਤਾ ਅਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਇੱਕ ਯਾਦਗਾਰ ਅਨੁਭਵ ਦੱਸਿਆ। ਭਾਗੀਦਾਰਾਂ ਨੇ ਕਿਹਾ ਕਿ ਤੰਦਰੁਸਤੀ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ ਅਤੇ ਹਰ ਵਿਅਕਤੀ ਨੂੰ ਨਿਯਮਿਤ ਕਸਰਤ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਜਿਹੇ ਖੇਡ ਸਮਾਗਮ ਹੋਰਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਨਗੇ।

