Russia preparing for a hybrid attack on European countries! Polish PM issues warning
ਯੂਰਪੀਅਨ ਦੇਸ਼ਾਂ ‘ਤੇ ਹਾਈਬ੍ਰਿਡ ਹਮਲੇ ਦੀ ਤਿਆਰੀ ‘ਚ ਰੂਸ ! ਪੋਲੈਂਡ ਦੇ PM ਨੇ ਦਿੱਤੀ ਚਿਤਾਵਨੀ
Poland, (ਆਵਾਜ਼ਿ ਕੌਮ ਬਿਊਰੋ)-ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ, ਯੂਕ੍ਰੇਨ ਦਾ ਸਮਰਥਨ ਕਰ ਰਹੇ ਪੋਲੈਂਡ ਸਮੇਤ ਯੂਰਪੀਅਨ ਦੇਸ਼ਾਂ ’ਤੇ ਡਰੋਨ ਜਾਂ ਰਾਕੇਟ ਨਾਲ ‘ਹਾਈਬ੍ਰਿਡ’ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ। ‘ਹਾਈਬ੍ਰਿਡ’ ਹਮਲੇ ਦਾ ਮਤਲਬ ਅਜਿਹੀ ਕਾਰਵਾਈ ਤੋਂ ਹੈ, ਜਿਸ ਵਿਚ ਫ਼ੌਜੀ ਹਮਲੇ ਦੇ ਨਾਲ-ਨਾਲ ਸਾਈਬਰ ਹਮਲੇ, ਝੂਠਾ ਪ੍ਰਚਾਰ ਅਤੇ ਹੋਰ ਗ਼ੈਰ-ਰਵਾਇਤੀ ਤਰੀਕਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਟਸਕ ਨੇ ਪੋਲੈਂਡ ਦੀ ਸੰਸਦ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰੂਸ ਇਨ੍ਹਾਂ ਹਮਲਿਆਂ ਨੂੰ ‘ਹਾਦਸਾ’ ਦੱਸਣ ਦੀ ਕੋਸ਼ਿਸ਼ ਕਰੇਗਾ, ਤਾਂ ਜੋ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਦੇਸ਼ਾਂ ਨੂੰ ਕਿਸੇ ਮੈਂਬਰ ਦੇਸ਼ ’ਤੇ ਹਮਲੇ ਦੀ ਸਥਿਤੀ ਵਿਚ ਉਸ ਦੀ ਸੁਰੱਖਿਆ ਲਈ ਤੁਰੰਤ ਅੱਗੇ ਆਉਣ ਤੋਂ ਰੋਕਿਆ ਜਾ ਸਕੇ ਜਾਂ ਘੱਟੋ-ਘੱਟ ਉਨ੍ਹਾਂ ਦੀ ਇੱਛਾ-ਸ਼ਕਤੀ ਨੂੰ ਕਮਜ਼ੋਰ ਕੀਤਾ ਜਾ ਸਕੇ। ਟਸਕ ਨੇ ਕਿਹਾ ਕਿ ਇਸ ਗੱਲ ਦਾ ਪੂਰਾ ਖ਼ਤਰਾ ਹੈ ਕਿ ਡਰੋਨ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਮਿਜ਼ਾਈਲਾਂ ਪੂਰਬੀ ਸਰਹੱਦ ਦੇ ਇਕ ਜਾਂ ਕਈ ਦੇਸ਼ਾਂ ਦੇ ਖੇਤਰ ਵਿਚ ਦਾਖ਼ਲ ਹੋ ਸਕਦੀਆਂ ਹਨ ਅਤੇ ਨੁਕਸਾਨ ਵੀ ਪਹੁੰਚਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਧਿਕਾਰਤ ਤੌਰ ’ਤੇ ਇਹੀ ਕਿਹਾ ਜਾਵੇਗਾ ਕਿ ਇਹ ਇਕ ਹਾਦਸਾ ਸੀ ਅਤੇ ਨਾਟੋ ਕੋਲ ਜਵਾਬੀ ਕਾਰਵਾਈ ’ਤੇ ਵਿਚਾਰ ਕਰਨ ਦਾ ਕੋਈ ਕਾਰਨ ਨਹੀਂ ਹੈ।

