Sacrilege of Gutka Sahib in Punjab once again!
ਪੰਜਾਬ ‘ਚ ਫ਼ਿਰ ਹੋਈ ਗੁਟਕਾ ਸਾਹਿਬ ਦੀ ਬੇਅਦਬੀ!
ਪਟਿਆਲਾ/ਸਨੌਰ (ਆਵਾਜ਼ਿ ਕੌਮ ਬਿਊਰੋ)-ਪਟਿਆਲਾ-ਦੇਵੀਗੜ੍ਹ ਰੋਡ ’ਤੇ ਪਿੰਡ ਘਲੋੜੀ ਨੇੜੇ ਗੁਟਕਾ ਸਾਹਿਬ ਜੀ ਦੇ 78 ਅੰਗ ਮਿਲਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿਚ ਦੁੱਖ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਡੀ.ਐੱਸ.ਪੀ. ਰਣਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਟਕਾ ਸਾਹਿਬ ਜੀ ਦੇ ਕੁੱਝ ਅੰਗ ਬੀਤੀ ਰਾਤ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਵਿਅਕਤੀਆਂ ਵੱਲੋਂ ਲੈ ਕੇ ਜਾਏ ਗਏ ਸਨ, ਜਦਕਿ ਬਾਕੀ ਕੁੱਝ ਅੰਗ ਅੱਜ ਦੁਪਹਿਰ ਸਮੇਂ ਲੈ ਕੇ ਜਾਏ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨਾਲ ਸਬੰਧਤ ਇਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਟੀਮ ਵੱਲੋਂ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਜੋ ਘਟਨਾ ਨਾਲ ਸਬੰਧਤ ਅਹਿਮ ਜਾਣਕਾਰੀ ਹਾਸਲ ਕੀਤੀ ਜਾ ਸਕੇ। ਡੀ.ਐੱਸ.ਪੀ. ਰਣਬੀਰ ਸਿੰਘ ਨੇ ਕਿਹਾ ਕਿ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਸਬੰਧੀ ਹੋਰ ਤੱਥ ਸਪੱਸ਼ਟ ਹੋ ਸਕਣਗੇ।

